RC Meena Bribery Case: ਚੰਡੀਗੜ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਯੂਟੀ ਪੁਲਿਸ ਦੇ ਮੁਅੱਤਲ ਡੀਐਸਪੀ ਰਾਮ ਚੰਦਰ ਮੀਨਾ ਨੂੰ 40 ਲੱਖ ਰੁਪਏ ਦੇ ਰਿਸ਼ਵਤ ਦੇ ਮਾਮਲੇ ਵਿੱਚ 7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੂਜੇ ਦੋਸ਼ੀ, ਕੇਐਲਜੀ ਹੋਟਲ ਗਰੁੱਪ ਦੇ ਮਾਲਕ ਅਮਨ ਗਰੋਵਰ ਨੂੰ 4 ਸਾਲ ਦੀ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਕਾਬਿਲੇਗੌਰ ਹੈ ਕਿ ਬੀਤੇ ਕੱਲ੍ਹ ਸਾਬਕਾ ਡੀਐਸਪੀ ਆਰਸੀ ਮੀਨਾ ਅਤੇ ਹੋਟਲ ਮਾਲਕ ਅਮਨ ਗਰੋਵਰ ਨੂੰ 10 ਸਾਲ ਪੁਰਾਣੇ ਰਿਸ਼ਵਤ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਸਾਲ 2015 ਵਿੱਚ ਸੀਬੀਆਈ ਨੇ ਡੀਐਸਪੀ ਮੀਨਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ 'ਤੇ ਸੈਕਟਰ-22 ਸਥਿਤ ਚਾਵਲਾ ਪੈਟਰੋਲ ਪੰਪ ਦੇ ਮਾਲਕ ਦੀ ਬੇਟੀ ਤੋਂ 40 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਸੀ। ਉਹ ਅਮਨ ਗਰੋਵਰ ਨਾਲ ਮਿਲ ਕੇ ਇਹ ਰਿਸ਼ਵਤ ਮੰਗ ਰਿਹਾ ਸੀ।
ਇਸ ਮਾਮਲੇ ਵਿੱਚ ਬਰਕਲੇ ਕੰਪਨੀ ਦੇ ਮਾਲਕ ਸੰਜੇ ਦਹੂਜਾ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ ਪਰ ਸੀਬੀਆਈ ਵੱਲੋਂ ਉਸ ਨੂੰ ਸਰਕਾਰੀ ਗਵਾਹ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਇਕ ਹੋਰ ਦੋਸ਼ੀ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਮੌਤ ਹੋ ਜਾਣ 'ਤੇ ਉਸ ਖਿਲਾਫ਼ ਮਾਮਲਾ ਬੰਦ ਕਰ ਦਿੱਤਾ ਗਿਆ ਸੀ। ਫਿਲਹਾਲ ਆਰਸੀ ਮੀਨਾ ਅਤੇ ਅਮਨ ਗਰੋਵਰ ਖਿਲਾਫ਼ ਇਹ ਕੇਸ ਕਈ ਸਾਲਾਂ ਤੋਂ ਚੱਲ ਰਿਹਾ ਸੀ। ਸ਼ੁੱਕਰਵਾਰ ਨੂੰ ਅਦਾਲਤ ਦਾ ਫੈਸਲਾ ਆਉਂਦੇ ਹੀ ਸੀਬੀਆਈ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਸੀਬੀਆਈ ਅਨੁਸਾਰ ਮੁਲਜ਼ਮਾਂ ਨੇ ਸੈਕਟਰ-9 ਦੀ ਰਹਿਣ ਵਾਲੀ ਗੁਨੀਤ ਕੌਰ ਤੋਂ 75 ਲੱਖ ਰੁਪਏ ਦੀ ਮੰਗ ਕੀਤੀ ਸੀ ਜਿਸ ਦੇ ਬਦਲੇ ਉਸ ਦੇ ਪਰਿਵਾਰ ਨੂੰ ਐਫਆਈਆਰ ਵਿੱਚ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਗੁਨੀਤ ਦੇ ਪਿਤਾ ਗੁਰਕ੍ਰਿਪਾਲ ਸਿੰਘ ਚਾਵਲਾ, ਮਾਂ ਜਗਜੀਤ ਕੌਰ ਅਤੇ ਭਰਾ ਹਰਮੀਤ ਚਾਵਲਾ ਖਿਲਾਫ 26 ਦਸੰਬਰ 2014 ਨੂੰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਦੀਪਾ ਦੁੱਗਲ ਨਾਂ ਦੀ ਔਰਤ ਸ਼ਿਕਾਇਤਕਰਤਾ ਸੀ। ਪੁਲਿਸ ਨੇ ਗੁਨੀਤ ਦੇ ਪਰਿਵਾਰ 'ਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਸੀ।