Mohali News(ਮਨੀਸ਼ ਸ਼ੰਕਰ): ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਨ੍ਹਾਂ ਦੇ ਪੁੱਤਰ ਹਰਪ੍ਰੀਤ ਸਿੰਘ ਵਿਰੁੱਧ ਧੋਖਾਧੜੀ ਦੇ ਇੱਕ ਗੰਭੀਰ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਮਾਮਲਾ ਵਿਜਿਲੈਂਸ ਬਿਊਰੋ ਵੱਲੋਂ ਦਰਜ ਕੀਤਾ ਗਿਆ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪਿਤਾ-ਪੁੱਤਰ ਨੇ ਸਾਜਿਸ਼ ਅਧੀਨ ਇੱਕ ਪਲਾਟ ਖਰੀਦ ਘੱਟ ਕੀਮਤ 'ਤੇ ਵੇਚ ਦਿੱਤਾ।
ਜਾਂਚ ਅਧਿਕਾਰੀਆਂ ਅਨੁਸਾਰ, ਧਰਮਸੋਤ ਅਤੇ ਉਨ੍ਹਾਂ ਦੇ ਪੁੱਤਰ ਨੇ 60 ਲੱਖ ਰੁਪਏ ਦਾ ਇੱਕ ਪਲਾਟ ਖਰੀਦਿਆ ਅਤੇ ਉਸੇ ਦਿਨ ਹੀ ਉਸਨੂੰ ਕੇਵਲ 25 ਲੱਖ ਰੁਪਏ 'ਚ ਵੇਚ ਦਿੱਤਾ। ਇਹ ਕਾਰਵਾਈ ਖਰੀਦ-ਫਰੋਖਤ ਅਤੇ ਮਨੀ ਲਾਂਡਰਿੰਗ ਦੇ ਨਾਲ ਜੋੜੀ ਜਾ ਰਹੀ ਹੈ। ਵਿਜਿਲੈਂਸ ਬਿਊਰੋ ਨੇ ਆਪਣੀ ਰਿਪੋਰਟ 'ਚ ਇਹ ਵੀ ਦੱਸਿਆ ਕਿ ਇਸ ਸੌਦੇ ਵਿਚ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ।
ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਹੋਈ। ਸੁਣਵਾਈ ਦੌਰਾਨ ਸਾਧੂ ਸਿੰਘ ਧਰਮਸੋਤ ਅਦਾਲਤ ਵਿੱਚ ਹਾਜ਼ਰ ਹੋਏ, ਪਰ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੇਸ਼ ਨਹੀਂ ਹੋਏ। ਅਦਾਲਤ ਨੇ ਇਸ ਗੈਰਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਵਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ 20 ਮਈ 2025 ਨੂੰ ਅਗਲੀ ਪੇਸ਼ੀ ਲਈ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ ਹੈ।