Chandigarh Mayor Election: ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਦਾਇਰ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੀਜੇਆਈ ਡੀ.ਵਾਈ ਚੰਦਰਚੂੜ ਨੇ ਹਾਈਕੋਰਟ ਵਿੱਚ ਜਮ੍ਹਾ ਕਰਵਾਏ ਗਏ ਚੋਣ ਬੈਲਟ ਪੇਪਰ ਕੱਲ੍ਹ ਕੋਰਟ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਕੱਲ੍ਹ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।
ਕੋਰਟ ਵਿੱਚ ਚੋਣਾਂ ਦੌਰਾਨ ਦੇ ਚੋਣ ਅਧਿਕਾਰੀ ਅਨਿਲ ਮਸੀਹ ਵੀ ਅੱਜ ਸੁਪਰੀਮ ਕੋਰਟ ਵਿੱਚ ਪੇਸ਼ ਹੋਏ। ਕੋਰਟ ਨੇ ਮਸੀਹ ਨੂੰ ਪੁੱਛਿਆ ਕਿ ਉਨ੍ਹਾਂ ਵਾਰ-ਵਾਰ ਕੈਮਰੇ ਵੱਲ੍ਹ ਕਿਉਂ ਦੇਖ ਰਹੇ ਸਨ।
ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮੇਅਰ ਦੀ ਚੋਣ ਲਈ ਵੋਟਿੰਗ ਅਤੇ ਨਤੀਜੇ ਨੂੰ ਲੈਕੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਚੋਣ ਅਧਿਕਾਰੀ 'ਤੇ ਝਾੜ ਪਾਈ ਸੀ । ਇਸ ਦੇ ਨਾਲ ਹੀ ਅਦਾਲਤ ਨੇ ਨਿਗਮ ਦੀਆਂ ਮੀਟਿੰਗਾਂ ‘ਤੇ ਵੀ ਰੋਕ ਲਗਾ ਦਿੱਤੀ ਸੀ। ਅਦਾਲਤ ਨੇ ਅਨਿਲ ਮਸੀਹ ਨੂੰ ਨਿੱਜੀ ਤੌਰ 'ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਸੀ। ਅਨਿਲ ਮਸੀਹ ਦੀ ਵੋਟਿੰਗ ਵਾਲੇ ਦਿਨ ਇੱਕ ਵੀਡੀਓ ਵੀ ਸਹਾਮਣੇ ਆਈ ਸੀ, ਜਿਸ ਵਿੱਚ ਵਾਰ-ਵਾਰ ਕੈਮਰੇ ਵਿੱਚ ਦੇਖ ਰਹੇ ਸਨ। ਉਸ ਵੀਡੀਓ ਨੂੰ ਲੈ ਕੇ ਕੋਰਟ ਨੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਸੀ।
ਦੱਸ ਦਈਏ ਕਿ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਚੰਡੀਗੜ੍ਹ ਦੇ ਮੇਅਰ ਮਨੋਜ ਸੋਨਕਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਨਾਲ ਹੀ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਸਨ। ਜਿਸ ਨਾਲ ਭਾਜਪਾ ਕੋਲ ਪਹਿਲਾਂ ਹੀ ਇੱਕ ਸੰਸਦ ਮੈਂਬਰ ਸਮੇਤ 15 ਵੋਟਾਂ ਹਨ, 3 ਕੌਂਸਲਰਾਂ ਦੀ ਸਮੂਲਿਅਤ ਨਾਲ ਕੁੱਲ ਗਿਣਤੀ 18 ਹੋ ਗਈ ਹੈ। ਆਪ ਅਤੇ ਕਾਂਗਰਸ ਕੋਲ ਸਿਰਫ 17 ਕੌਂਸਲਰ ਬਾਕੀ ਰਹਿ ਗਏ ਹਨ। ਜਦਿਕ ਇੱਕ ਕੌਸਲਰ ਅਕਾਲੀ ਦਲ ਦਾ ਹੈ, ਜਿਸ ਵੱਲੋਂ ਪਿਛਲੀ ਵਾਰ ਬੀਜੇਪੀ ਨੂੰ ਹੀ ਵੋਟ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਮੇਅਰ ਚੋਣਾਂ ਮੁੜ ਕਰਵਾਉਣ ਦਾ ਫੈਸਲਾ ਕੀਤਾ ਹੈ ਅਤੇ ਭਾਜਪਾ ਪੂਰੇ ਬਹੁਮਤ ਨਾਲ ਆਪਣਾ ਮੇਅਰ ਬਣਾਏਗੀ।
ਪੂਰਾ ਮਮਲਾ ਕੀ ਹੈ?
ਚੰਡੀਗੜ੍ਹ ਨਗਰ ਨਿਗਮ ਦੀ ਚੋਣ ਵਿੱਚ ਹੋਏ ਉਲਟ-ਫੇਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ । ਹਾਈ ਕੋਰਟ ਤੋਂ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਵਿਰੋਧੀ ਧਿਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਸੀ। ਜਿਥੇ ਸਿਖਰਲੀ ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਫਟਕਾਰ ਲਗਾਈ ਸੀ। ਇਸ ਤੋਂ ਇਲਾਵਾ ਆਮ ਆਦਮ ਪਾਰਟੀ ਨੇ ਸ਼ਹਿਰ ਵਿੱਚ ਭਾਜਪਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਇਸ ਦਰਮਿਆਨ ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਵਿੱਚ ਘਪਲੇ ਲਈ ਹਾਈ ਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਸੀ।