Jagraon Firing (ਰਜਨੀਸ਼ ਬਾਂਸਲ): ਜਗਰਾਓਂ ਦੇ ਕੋਠੇ ਸ਼ੇਰ ਜੰਗ ਵਿੱਚ ਦੇਰ ਰਾਤ ਇੱਕ ਕਾਰ ਚਾਲਕ ਉਤੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖ਼ਮੀ ਕਰ ਦਿੱਤਾ ਹੈ। ਪੀੜਤ ਜਿਸ ਕਾਰ ਵਿੱਚ ਸਵਾਰ ਸੀ, ਮੁਲਜ਼ਮਾਂ ਵੱਲੋਂ ਉਸ ਐਸਯੂਵੀ ਸਕਾਰਪੀਓ ਨੂੰ ਵੀ ਅੱਗ ਲਗਾ ਕੇ ਸਾੜ ਦਿੱਤਾ ਗਿਆ। ਕਾਰ ਚਾਲਕ ਪੀੜਤ ਦੀ ਪਛਾਣ ਜਸਕੀਰਤ ਸਿੰਘ ਵਜੋਂ ਹੋਈ ਹੈ ਪਰ ਇਸ ਮਾਮਲੇ ਵਿੱਚ ਜਦੋਂ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਇਸ ਘਟਨਾ ਦੇ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਪਿੰਡ ਦੇ ਵਿੱਚ ਲੋਕਾਂ ਵੱਲੋਂ ਸੁਣੀ ਸੁਣਾਈ ਗੱਲ ਹੈ ਕਿ ਪਹਿਲਾਂ ਗੱਡੀ ਉੱਤੇ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ ਅਤੇ ਬਾਅਦ ਵਿੱਚ ਗੱਡੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਲੋਕਾਂ ਦੇ ਦੱਸਣ ਮੁਤਾਬਕ ਜਸਕੀਰਤ ਸਿੰਘ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ ਜਿਸ ਕਰਕੇ ਉਸ ਨੂੰ ਗਨਮੈਨ ਵੀ ਮਿਲਿਆ ਹੋਇਆ ਸੀ ਅਤੇ ਬਾਅਦ ਦੇ ਵਿੱਚ ਉਸ ਦਾ ਗਨਮੈਨ ਵਾਪਸ ਲੈ ਲਿਆ ਗਿਆ ਜਾਂ ਉਸਨੇ ਖੁਦ ਵਾਪਸ ਕਰ ਦਿੱਤਾ। ਇਹ ਤਾਂ ਹੁਣ ਪੀੜਤ ਦੇ ਹੋਸ਼ ਦੇ ਵਿੱਚ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਉਸ ਦੇ ਨਜ਼ਦੀਕੀ ਲੋਕਾਂ ਦੇ ਦੱਸਣ ਮੁਤਾਬਕ ਪੀੜਤ ਜਸਕੀਰਤ ਸਿੰਘ ਕੋਲ ਆਪਣਾ ਵੀ ਇੱਕ ਲਾਇਸੈਂਸੀ ਪਿਸਤੌਲ ਰੱਖਿਆ ਹੋਇਆ ਸੀ ਜੋ ਕਿ ਉਸ ਨੂੰ ਚਲਾਉਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਵੀ ਕਾਰ ਵਿੱਚ ਹੀ ਸੜ ਕੇ ਢਲ ਗਿਆ। ਬਾਕੀ ਹੁਣ ਇਸ ਦੇ ਵਿੱਚ ਪੁਲਿਸ ਕਿਉਂ ਕੁਝ ਬੋਲਣ ਨੂੰ ਤਿਆਰ ਨਹੀਂ ਹੈ। ਇਹ ਗੱਲ ਤਾਂ ਇੱਕ ਰਾਜ ਹੀ ਬਣੀ ਹੋਈ ਹੈ ਕਿਉਂਕਿ ਬੀਤੇ ਕੱਲ੍ਹ ਵੀ ਜਗਰਾਉਂ ਦੇ ਇੱਕ ਸੁਨਿਆਰੇ ਦੁਕਾਨ ਦੇ ਉੱਪਰ ਹਮਲਾ ਹੋ ਚੁੱਕਿਆ ਹੈ ਪਰ ਪਹਿਲਾਂ ਹੋਏ ਹਮਲਿਆਂ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ।
ਇਹ ਵੀ ਪੜ੍ਹੋ : ਮੀਤ ਹੇਅਰ ਨੇ ਸੰਸਦ ਵਿਚ ਆਪ੍ਰੇਸ਼ਨ ਸਿੰਦੂਰ ਉੱਤੇ ਬਹਿਸ ਦੌਰਾਨ ਫੇਲ੍ਹ ਵਿਦੇਸ਼ ਨੀਤੀ ਦਾ ਮੁੱਦਾ ਚੁੱਕਿਆ
ਇਸ ਹਮਲੇ ਦੇ ਵਿੱਚ ਜਸਕੀਰਤ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਪਹਿਲਾਂ ਜਗਰਾਓਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਨਵੀਂ ਸਿੱਖਿਆ ਨੀਤੀ ਦੀ ਆੜ ਹੇਠ ਕੇਂਦਰ ਸੂਬਿਆਂ ਦੇ ਹੱਕ ਖੋਹ ਰਿਹਾ ਹੈ- ਹਰਜੋਤ ਸਿੰਘ ਬੈਂਸ