Amritsar News (ਭਰਤ ਸ਼ਰਮਾ): ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਦੀ ਅਗਵਾਈ ਹੇਠ ਥਾਣਾ ਘਰਿੰਡਾ ਪੁਲਿਸ ਵੱਲੋ ਦੋ ਵੱਖ-ਵੱਖ ਮਾਮਲਿਆ ਵਿੱਚ 1 ਕਿੱਲੋ 262 ਗ੍ਰਾਮ ਹੈਰੋਇਨ ਅਤੇ ਇੱਕ ਮੋਟਰ ਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਘਰਿੰਡਾ ਪੁਲਿਸ ਵੱਲੋ ਥਾਣਾ ਘਰਿੰਡਾ ਦੇ ਏਰੀਏ ਵਿੱਚ ਗਸ਼ਤ ਕੀਤੀ ਜਾ ਰਹੀ ਸੀ। ਇਸ ਗਸ਼ਤ ਦੌਰਾਨ ਜਦ ਪੁਲਿਸ ਪਾਰਟੀ ਪੁੱਲ ਸੂਆ ਚੱਕ ਮੁਕੰਦ ਤੋਂ ਪਿੰਡ ਰਾਮਪੁਰਾ ਸਾਈਡ ਨੂੰ ਜਾ ਰਹੀ ਸੀ ਤਾਂ ਸਾਹਮਣੇ ਤੋਂ ਮੋਟਰ ਸਾਈਕਲ ਹੀਰੋ ਹਾਂਡਾ ਨੰਬਰ ਪੀ.ਬੀ 02-ਬੀ.ਯੂ-2274 ਪਰ ਇੱਕ ਮੋਨਾ ਨੋਜਵਾਨ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਮੌਕਾ ਤੋਂ ਭੱਜਣ ਦੌਰਾਨ ਉਸਦਾ ਮੋਟਰ ਸਾਈਕਲ ਸਲਿਪ ਕਰ ਗਿਆ ਤੇ ਉਹ ਡਿੱਗ ਗਿਆ ਤੇ ਖੁੱਦ ਮੌਕੇ ਤੋ ਫਰਾਰ ਹੋ ਗਿਆ। ਇਸ ਦੌਰਾਨ ਉਸ ਕੋਲੋ ਇੱਕ ਵਜਨਦਾਰ ਚੀਜ਼ ਡਿੱਗ ਗਈ। ਜਦੋਂ ਬਾਅਦ ਵਿੱਚ ਉਸ ਵਜਨਦਾਰ ਚੀਜ਼ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 700 ਗ੍ਰਾਮ ਹੈਰੋਇਨ ਬਰਾਮਦ ਹੋਈ।
ਤਫਤੀਸ਼ ਦੌਰਾਨ ਪਤਾ ਲੱਗਾ ਕਿ ਮੋਟਰ ਸਾਈਕਲ ਸਵਾਰ ਨੌਜਵਾਨ ਦਾ ਨਾਮ ਜੈ ਵਿਜੇ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਸਰਕੇ ਭੈਣੀ ਹੈ। ਉਕਤ ਬਰਾਮਦ ਹੈਰੋਇਨ ਸਬੰਧੀ ਜੈ ਵਿਜੇ ਖਿਲ਼ਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 197 ਮਿਤੀ 03/07/2025 ਜੁਰਮ 21-ਸੀ/25/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਕਤ ਦੋਸ਼ੀ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸੇ ਲੜੀ ਵਿੱਚ ਇੱਕ ਹੋਰ ਮਾਮਲੇ ਵਿੱਚ ਥਾਣਾ ਘਰਿੰਡਾ ਪੁਲਿਸ ਨੂੰ ਇਤਲਾਹ ਮਿਲੀ ਕਿ ਪਿੰਡ ਭੈਣੀ ਰਾਜਪੂਤਾ ਦੇ ਵਿਖੇ ਡਰੇਨ ਵਾਲੀ ਸਾਈਡ ਤੇ ਸੜਕ ਤੋ ਥੋੜਾ ਦੂਰ ਜਮੀਨ ਉੱਪਰ ਇੱਕ ਮੋਮੀ ਲਿਫਾਫੇ ਦਾ ਪੈਕਟ ਪਿਆ ਹੈ। ਜਿਸ ਤੇ ਤੁਰੰਤ ਥਾਣਾ ਘਰਿੰਡਾ ਪੁਲਿਸ ਪਾਰਟੀ ਵੱਲੋ ਉਕਤ ਮੌਕਾ ਤੇ ਜਾ ਕੇ ਜਦੋਂ ਚੈੱਕ ਕੀਤਾ ਤਾਂ ਮੋਮੀ ਲਿਫਾਫੇ ਵਿੱਚੋ 562 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਸਬੰਧੀ ਨਾ-ਮਲੂਮ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 196 ਮਿਤੀ 03/07/2025 ਜੁਰਮ 21-ਸੀ/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਕਤ ਬਰਾਮਦ ਹੈਰੋਇੰਨ ਸਬੰਧੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।