Banur News: ਰਾਜਪੁਰਾ ਅਧੀਨ ਪੈਂਦੇ ਬਨੂੜ-ਤੇਪਲਾ ਹਾਈਵੇ ਦੇ ਉੱਪਰ ਪਿੰਡ ਚੰਗੇਰਾ ਦੇ ਕੋਲ ਬੀਤੇ ਕੱਲ੍ਹ ਪਿੰਡ ਦੇ ਨੇੜੇ ਖੇਤਾਂ ਵਿੱਚ ਖੜੀ ਇੱਕ ਫਾਰਚੂਨਰ ਗੱਡੀ ਵਿੱਚੋਂ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ। ਇਹ ਕਾਰ ਸੜਕ ਤੋਂ ਥੋੜ੍ਹੀ ਹੇਠਾਂ ਖੇਤਾਂ ਵੱਲ ਖੜੀ ਸੀ। ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ, ਉਨ੍ਹਾਂ ਦੀ ਪਤਨੀ ਮਨਦੀਪ ਕੌਰ ਅਤੇ ਪੁੱਤਰ ਅਭੈ ਵਜੋਂ ਹੋਈ ਹੈ। ਤਿੰਨਾਂ ਹੀ ਮ੍ਰਿਤਕਾਂ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੋਈ ਸੀ ਅਤੇ ਪੁਲਿਸ ਵੱਲੋਂ ਮੌਕੇ ਤੋਂ ਇੱਕ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿੱਚੋਂ ਇੱਕ ਪਿਸਤੌਲ ਮਿਲਿਆ ਹੈ। ਇਸ ਤੋਂ ਮੁੱਢਲੇ ਤੌਰ ‘ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੰਦੀਪ ਨੇ ਪਹਿਲਾਂ ਆਪਣੀ ਪਤਨੀ ਮਨਦੀਪ ਕੌਰ ਅਤੇ ਪੁੱਤਰ ਅਭੈ ਨੂੰ ਗੋਲੀ ਮਾਰੀ। ਫਿਰ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਫੋਰੈਂਸਿਕ ਬੋਰਡ ਪਟਿਆਲਾ ਵਿਖੇ ਕਰਵਾਇਆ ਜਾਏਗਾ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਸੰਦੀਪ ਸਿੰਘ ਡਿਪਰੈਸ਼ਨ ਦੇ ਵਿੱਚ ਸੀ, ਉਸ ਦੇ ਬੇਟੇ ਦਾ ਟਰੀਟਮੈਂਟ ਚੱਲ ਰਿਹਾ ਸੀ ਅਤੇ ਅਕਸਰ ਡਾਕਟਰਾਂ ਨਾਲ ਫੋਨ ਤੇ ਚੈਟਿੰਗ ਹੋ ਰਹੀ ਸੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਦੀ ਫੈਮਲੀ ਦਾ ਆਪਣੇ ਰਿਸ਼ਤੇਦਾਰਾ ਅਤੇ ਸੁਸਾਇਟੀ ਦੇ ਲੋਕਾਂ ਦੇ ਨਾਲ ਜਿਆਦਾ ਮੇਲ ਮਿਲਾਪ ਨਹੀਂ ਸੀ। ਪੁਲਿਸ ਮੁਤਾਬਕ ਮ੍ਰਿਤਕ ਸੰਦੀਪ ਸਿੰਘ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਅਤੇ ਕਿਹਾ ਜਾਂਦਾ ਹੈ ਕਿ ਪਰਿਵਾਰ ਆਰਥਿਕ ਤੌਰ ‘ਤੇ ਖੁਸ਼ਹਾਲ ਹੈ। ਪੁਲਿਸ ਨੇ ਖੁਦਕੁਸ਼ੀ ਦੇ ਕਾਰਨ ਦਾ ਪਤਾ ਲਗਾਉਣ ਲਈ ਕੁਝ ਠੋਸ ਸੁਰਾਗ ਪ੍ਰਾਪਤ ਕਰਨ ਲਈ ਮੋਹਾਲੀ ਸਥਿਤ ਸੰਦੀਪ ਦੇ ਘਰ ਦੀ ਤਲਾਸ਼ੀ ਲੈਣ ਦੀ ਵੀ ਯੋਜਨਾ ਬਣਾਈ ਹੈ। ਪੁਲਿਸ ਕਾਰਵਾਈ ਦੇ ਦੌਰਾਨ ਪਹਿਲਾ ਸੰਦੀਪ ਸਿੰਘ ਦੇ ਉੱਪਰ 302 ਦਾ ਪਰਚਾ ਦਰਜ ਹੋਵੇਗਾ ਤੇ ਉਸ ਤੋਂ ਬਾਅਦ 174 ਦੀ ਧਾਰਾ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਸੰਦੀਪ ਸਿੰਘ ਦਾ ਪਿਛੋਕੜ ਬਠਿੰਡਾ ਸ਼ਹਿਰ ਦੇ ਪਿੰਡ ਸਿੱਖਾਂਵਾਲਾ ਦਾ ਸੀ। ਉਹ ਪਿਛਲੇ ਤਿੰਨ ਚਾਰ ਸਾਲਾਂ ਤੋਂ ਆਪਣੀ ਫੈਮਿਲੀ ਸਮੇਤ ਮੋਹਾਲੀ ਦੇ ਸੈਕਟਰ 109 ਦੇ ਵਿੱਚ ਰਹਿ ਰਿਹਾ ਸੀ।