Batala News: ਬਟਾਲਾ ਦੇ ਗੋਬਿੰਦ ਨਗਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕੁਝ ਦਿਨਾਂ ਤੋਂ ਲਾਪਤਾ 18 ਸਾਲਾ ਨੌਜਵਾਨ ਸਾਹਿਲ ਦੀ ਲਾਸ਼ ਉਸ ਦੀ ਮੰਗੇਤਰ ਦੇ ਘਰੋਂ ਮਿਲੀ ਹੈ। ਸਾਹਿਲ ਦੀ ਮਾਂ ਅਤੇ ਮਾਮੇ ਦੇ ਮੁਤਾਬਕ, ਉਸ ਦੇ ਇੱਕ ਕੁੜੀ ਨਾਲ ਪ੍ਰੇਮ ਸੰਬੰਧ ਸਨ ਜੋ ਗੋਬਿੰਦ ਨਗਰ ਦੀ ਰਹਿਣ ਵਾਲੀ ਹੈ। ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਇੱਕ ਮਹੀਨਾ ਪਹਿਲਾਂ ਹੀ ਰਿਸ਼ਤਾ ਹੋਇਆ ਸੀ।
ਇਸ ਦੌਰਾਨ ਸਾਹਿਲ ਦੋ ਦਿਨ ਤੋਂ ਲਾਪਤਾ ਸੀ ਅਤੇ ਮਾਂ ਦੋ ਦਿਨਾਂ ਤੋਂ ਪੁੱਤ ਦੀ ਭਾਲ ਕਰ ਰਹੀ ਸੀ। ਅੱਜ ਜਦ ਉਹ ਆਪਣੇ ਹੋਣ ਵਾਲੇ ਕੁੜਮਾਂ ਦੇ ਘਰ ਪੁੱਜੀ ਤਾਂ ਉੱਥੋਂ ਆ ਰਹੀ ਬਦਬੂ ਅਤੇ ਘਰ ਦੇ ਮਾਹੌਲ ਨੂੰ ਦੇਖ ਕੇ ਉਸ ਨੂੰ ਸ਼ੱਕ ਹੋਇਆ। ਮੌਕੇ 'ਤੇ ਰੌਲਾ ਪੈ ਗਿਆ ਅਤੇ ਇਲਾਕਾ ਵਾਸੀਆਂ ਨੇ ਪੁਲਸ ਨੂੰ ਸੂਚਿਤ ਕੀਤਾ।
ਪੁਲਿਸ ਨੇ ਕਈ ਘੰਟਿਆਂ ਦੀ ਜਾਂਚ ਤੋਂ ਬਾਅਦ ਘਰ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ। ਘਰ ਵਿੱਚ ਮੌਜੂਦ ਕੁੜੀ ਦੀ ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਹਿਲ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਪੂਰੇ ਪਰਿਵਾਰ ਦਾ ਸਹਾਰਾ ਵੀ। ਪਿਤਾ ਗੂੰਗਾ ਹੈ। ਮਾਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਉਹ ਪੁੱਤ ਦੇ ਕਤਲ ਦਾ ਇਨਸਾਫ ਮੰਗ ਰਹੀ ਹੈ। ਡੀਐਸਪੀ ਪਰਮਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।