Patiala Encounter: ਪਟਿਆਲਾ ਵਿੱਚ ਪੁਲਿਸ ਤੇ ਸਮੱਗਲਰ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਸਮੱਗਲਰ ਸੰਨੀ ਕੁਮਾਰ ਵਾਸੀ ਲਾਹੌਰੀ ਗੇਟ ਪਟਿਆਲਾ ਨੇ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਹੈ। ਕਾਬਿਲੇਗੌਰ ਹੈ ਕਿ ਮੁਲਜ਼ਮ ਖਿਲਾਫ 17 ਦੇ ਕਰੀਬ ਅਲੱਗ-ਅਲੱਗ ਧਾਰਾਵਾਂ ਨਾਲ ਮੁਕੱਦਮੇ ਦਰਜ ਹਨ।
ਇਸ ਤੋਂ ਪਹਿਲਾਂ ਸਵੇਰੇ ਫਿਰੋਜ਼ਪੁਰ ਸ਼ਹਿਰ ਦੇ ਵਿਅਸਤ ਇਲਾਕੇ ਮੱਖੂ ਗੇਟ ਵਿਖੇ ਦੋ ਦਿਨ ਪਹਿਲਾਂ ਹੋਏ ਸਨਸਨੀਖੇਜ਼ ਗੈਂਗਵਾਰ ਵਿੱਚ ਨੌਜਵਾਨ ਆਸ਼ੂ ਮੋਂਗਾ ਨੂੰ ਮਾਰਨ ਵਾਲੇ ਤਿੰਨ ਸ਼ੂਟਰਾਂ ਨੂੰ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਘੱਲ ਖੁਰਦ ਪਿੰਡ ਅਤੇ ਰੱਤਾ ਖੇੜਾ ਦੇ ਵਿਚਕਾਰ ਸੇਮਨਾਲੇ ਪੁਲ ਨੇੜੇ ਕੀਤੀ ਗਈ, ਜਿੱਥੇ ਕਾਊਂਟਰ ਇੰਟੈਲੀਜੈਂਸ ਟੀਮ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਨਾਕਾਬੰਦੀ ਕਰਕੇ ਸ਼ੂਟਰਾਂ ਨੂੰ ਰੋਕਿਆ। ਪੁਲਿਸ ਅਨੁਸਾਰ, ਦੋਸ਼ੀ ਮੋਟਰਸਾਈਕਲ 'ਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ, ਪੁਲਿਸ ਨੇ ਤਿੰਨਾਂ ਨੂੰ ਲੱਤਾਂ ਵਿੱਚ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਤਿੰਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੋਨੂੰ, ਅਮਰੀਕ ਸਿੰਘ ਅਤੇ ਬਲਜਿੰਦਰ ਉਰਫ਼ ਘੋੜਾ ਵਜੋਂ ਹੋਈ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਪਿਸਤੌਲ ਅਤੇ ਦੋ ਵਾਹਨ - ਇੱਕ ਐਕਟਿਵਾ ਸਕੂਟਰ ਅਤੇ ਇੱਕ ਮੋਟਰਸਾਈਕਲ - ਬਰਾਮਦ ਕੀਤੇ ਗਏ ਹਨ ਜੋ ਅਪਰਾਧ ਦੌਰਾਨ ਵਰਤੇ ਗਏ ਸਨ।
ਇਹ ਵੀ ਪੜ੍ਹੋ : Faridkot News: ਪੁਲਿਸ ਨੇ ਡੇਟਿੰਗ ਐਪ ਟਿੰਡਰ ਤੋਂ ਜਾਣਕਾਰੀ ਮੰਗੀ; ਅੰਮ੍ਰਿਤਪਾਲ ਸਿੰਘ ਨਾਲ ਜੁੜੇ ਅਕਾਊਂਟ ਹੋਣ ਦਾ ਸ਼ੱਕ
ਜਾਣਕਾਰੀ ਦਿੰਦਿਆਂ ਡੀਆਈਜੀ ਅਤੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹੋਰ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਕਾਰਵਾਈ ਸ਼ਹਿਰ ਵਿੱਚ ਗੈਂਗਵਾਰ ਦੀਆਂ ਵਧਦੀਆਂ ਘਟਨਾਵਾਂ ਵਿਰੁੱਧ ਪੁਲਿਸ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ ਨੇ ਜੀਵਨ ਗੁਪਤਾ ਲਈ ਕੀਤਾ ਪ੍ਰਚਾਰ, AAP ਨੂੰ ਘੇਰਿਆ