Bathinda News: ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਕੋਟਫੱਤਾ ਅਧੀਨ ਇੱਕ ਸਾਬਕਾ ਫੌਜੀ ਨਾਲ 15 ਲੱਖ ਦੀ ਲੁੱਟ ਖੋਹ ਦੀ ਵਾਰਦਾਤ ਨੂੰ ਬਠਿੰਡਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਲੁੱਟ ਦੀ ਝੂਠੀ ਕਹਾਣੀ ਘੜੀ ਗਈ ਅਤੇ ਇਸਦਾ ਮਾਸਟਰ ਮਾਇੰਡ ਵੀ ਸਾਬਕਾ ਫੌਜੀ ਹੀ ਨਿਕਲਿਆ। ਮਾਮਲੇ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੰਦਿਆਂ ਬਠਿੰਡਾ ਦਿਹਾਤੀ ਦੇ ਡੀਐਸਪੀ ਹਰਜੀਤ ਸਿੰਘ ਮਾਨ ਅਤੇ ਥਾਣਾ ਕੋਟਫੱਤਾ ਦੀ ਐਸਐਚਓ ਇੰਸਪੈਕਟਰ ਜਸਵਿੰਦਰ ਕੌਰ ਜੱਸੀ ਨੇ ਦੱਸਿਆ ਕਿ ਮੁਢਲੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਦਈ ਤੋਂ ਮੁਲਜਮ ਬਣੇ ਸਾਬਕਾ ਫੌਜੀ ਅਵਤਾਰ ਸਿੰਘ ਵਾਸੀ ਕੋਟਲੀ ਖੁਰਦ ਪਿਛਲੇ ਕੁਝ ਸਮੇਂ ਤੋਂ ਆਨਲਾਈਨ ਤਰੀਕੇ ਨਾਲ ਜੂਆ ਖੇਡ ਰਿਹਾ ਸੀ, ਜਿਸ ਦੇ ਵਿੱਚ ਉਹ ਕਰੀਬ 1 ਕਰੋੜ ਹਾਰ ਚੁੱਕਿਆ ਸੀ।
ਉਹ ਲੰਘੀ 30 ਅਪ੍ਰੈਲ ਨੂੰ ਹੀ ਭਾਰਤੀ ਫੌਜ ਵਿੱਚੋਂ ਬਤੌਰ ਹੌਲਦਾਰ ਸੇਵਾ ਮੁਕਤ ਹੋਇਆ ਸੀ। ਪ੍ਰੰਤੂ ਸਾਲ 2021 ਤੋਂ ਉਸ ਨੂੰ ਆਨਲਾਈਨ ਗੇਮ ਦੀ ਅਜਿਹੀ ਲੱਤ ਲੱਗੀ ਕਿ ਉਹ ਆਪਣੀ ਤਨਖਾਹ ਦੇ ਨਾਲ ਨਾਲ ਫੌਜ ਚੋਂ ਮਿਲਣ ਵਾਲੀ ਪੈਨਸ਼ਨ ਦਾ ਕੁਝ ਹਿੱਸਾ ਵੀ ਇਸ ਵਿੱਚ ਹਾਰ ਗਿਆ। ਹੁਣ ਉਸ ਤੋਂ ਘਰ ਵਾਲੇ ਪੈਨਸ਼ਨ ਦਾ ਹਿਸਾਬ ਕਿਤਾਬ ਮੰਗ ਰਹੇ ਸਨ ਅਤੇ ਹੋਰ ਖਰਚੇ ਵੀ ਉਸਦੇ ਸਿਰ ਚੜੇ ਹੋਏ ਸਨ। ਜਿਸ ਦੇ ਚਲਦੇ ਉਸਨੇ ਪਰਿਵਾਰ ਦੀਆਂ ਝਿੜਕਾਂ ਤੋਂ ਬਚਣ ਦੇ ਲਈ ਝੂਠੀ ਕਹਾਣੀ ਘੜ ਲਈ। ਡੀਐਸਪੀ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਤੋਂ ਬਾਅਦ ਪੁਲਿਸ ਨੂੰ ਪਹਿਲੀ ਨਜ਼ਰੇ ਹੀ ਇਹ ਮਾਮਲਾ ਸ਼ੱਕੀ ਲੱਗਿਆ ਸੀ। ਜਿਸ ਤੋਂ ਬਾਅਦ ਤਕਨੀਕੀ ਆਧਾਰ ਤੇ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਬਕਾ ਫੌਜੀ ਅਵਤਾਰ ਸਿੰਘ ਬਠਿੰਡਾ ਆਇਆ ਹੀ ਨਹੀਂ ਅਤੇ ਉਸਦੇ ਵੱਲੋਂ ਜਿਸ ਬੈਂਕ ਦੇ ਖਾਤੇ ਵਿੱਚੋਂ 15 ਲੱਖ ਰੁਪਏ ਕਢਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਉਸ ਦੇ ਵਿੱਚੋਂ ਕੋਈ ਰਾਸ਼ੀ ਨਹੀਂ ਕਢਵਾਈ ਗਈ ਅਤੇ ਅਸਲ `ਚ ਉਸ ਖਾਤੇ ਵਿੱਚ ਸਿਰਫ ਤਿੰਨ ਰੁਪਏ ਹੀ ਸਨ।
ਉਨਾਂ ਦੱਸਿਆ ਕਿ ਜਦੋਂ ਅਵਤਾਰ ਸਿੰਘ ਕੋਲੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਲਿਆ। ਜਿਸ ਤੋਂ ਬਾਅਦ ਉਸਦੇ ਬਿਆਨਾਂ ਉੱਤੇ ਦਰਜ ਮੁਕਦਮੇ ਨੂੰ ਵਿਚ ਲਗਾਈ ਧਾਰਾ ਨੂੰ ਖਾਰਜ ਕਰਦਿਆਂ ਉਸ ਉੱਪਰ ਝੂਠਾ ਮੁਕਦਮਾ ਦਰਜ ਕਰਾਉਣ ਦੇ ਦੋਸ਼ਾਂ ਹੇਠ ਧਾਰਾ 217 ਬੀਐਨਐਸ ਤਹਿਤ ਮੁਕਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸਦਈਏ ਕਿ ਬੀਤੇ ਕੱਲ ਪਿੰਡ ਕੋਟਲੀ ਖ਼ੁਰਦ ਦੇ ਸਾਬਕਾ ਫ਼ੌਜੀ ਅਵਤਾਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਆਈ.ਡੀ.ਐਫ.ਸੀ.ਬੈਕ ਬਠਿੰਡਾ ਵਿੱਚੋ 15 ਲੱਖ ਰੁਪਏ ਕਢਵਾ ਕੇ ਆਪਣੇ ਮੋਟਰਸਾਈਕਲ 'ਤੇ ਵਾਪਸ ਪਿੰਡ ਵੱਲ ਜਾ ਰਿਹਾ ਸੀ ਤਾ ਪਿੰਡ ਗਹਿਰੀ ਬਾਰਾ ਸਿੰਘ ਕੋਲ ਇੱਕ ਅਣਪਛਾਤੇ ਲੜਕੇ ਅਤੇ ਲੜਕੀ ਨੇ ਉਸਤੋ ਲਿਫਟ ਲਈ ਅਤੇ ਉਸ ਨੂੰ ਕੋਲਡ ਡਰਿੰਕ ਵਿੱਚ ਕੋਈ ਜਹਿਰੀਲੀ ਪਦਾਰਥ ਪਿਆ ਕੇ 15 ਲੱਖ ਰੁਪਏ ਪਿਸਤੌਲ ਦੀ ਨੋਕ ਤੇ ਖੋਹ ਕੇ ਲੈ ਗਏ। ਉਸਨੇ ਬੇਹੋਸ਼ੀ ਦਾ ਡਰਾਮਾ ਕਰਦਿਆਂ ਸਿਵਿਲ ਹਸਪਤਾਲ ਵਿੱਚ ਦਾਖਲ ਵੀ ਹੋਇਆ ਸੀ।