Home >>Zee PHH Crime & Security

ਫਰੀਦਕੋਟ 'ਚ ਲਗਾਤਾਰ ਵਾਪਰੀਆਂ ਤਿੰਨ ਕਤਲਾਂ ਦੀਆਂ ਵਾਰਦਾਤਾਂ ਨੂੰ ਪੁਲਿਸ ਨੇ ਸੁਲਝਾਇਆ, ਦੋਸ਼ੀਆਂ ਨੂੰ ਕੀਤਾ ਕਾਬੂ

Faridkot News: ਫਰੀਦਕੋਟ 'ਚ ਲਗਾਤਾਰ ਵਾਪਰੀਆਂ ਤਿੰਨ ਕਤਲਾਂ ਦੀਆਂ ਵਾਰਦਾਤਾਂ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਤਿੰਨੋਂ ਮਾਮਲੇ ਟੈਕਨੀਕਲ ਸੈੱਲ ਦੀ ਮਦਦ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਕਰ ਲਏ ਹੱਲ। ਪੁਲਿਸ ਨੇ ਤਿੰਨੋਂ ਮਾਮਲਿਆਂ ਦੇ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਹੈ।  

Advertisement
ਫਰੀਦਕੋਟ 'ਚ ਲਗਾਤਾਰ ਵਾਪਰੀਆਂ ਤਿੰਨ ਕਤਲਾਂ ਦੀਆਂ ਵਾਰਦਾਤਾਂ ਨੂੰ ਪੁਲਿਸ ਨੇ ਸੁਲਝਾਇਆ, ਦੋਸ਼ੀਆਂ ਨੂੰ ਕੀਤਾ ਕਾਬੂ
Dalveer Singh|Updated: Jul 10, 2025, 04:18 PM IST
Share

Faridkot News (ਨਰੇਸ਼ ਸੇਠੀ): ਫਰੀਦਕੋਟ ਪੁਲਿਸ ਵੱਲੋਂ ਤਿੰਨ ਦਿਨਾਂ ਵਿਚ ਤਿੰਨ ਵੱਖ-ਵੱਖ ਥਾਵਾਂ ਤੇ ਵਾਪਰੀਆਂ ਕਤਲ ਦੀਆਂ ਵਾਰਦਾਤਾਂ ਉੱਪਰ ਬਹੁਤ ਤੇਜ ਅਤੇ ਸੂਝਵਾਨ ਤਰੀਕੇ ਨਾਲ ਕਾਰਵਾਈ ਕਰਦਿਆਂ ਘੱਟ ਸਮੇਂ ਅੰਦਰ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਕਰਕੇ ਇਲਾਕੇ ਵਿਚ ਕਾਨੂੰਨੀ ਨਿਯਮ ਦੀ ਬਹਾਲੀ ਲਈ ਨਵੀਂ ਮਿਸਾਲ ਕਾਇਮ ਕੀਤੀ ਹੈ। ਇਹ ਸਾਰੀ ਕਾਰਵਾਈ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਹੋਈ, ਜੋ ਜ਼ਿਲ੍ਹੇ ਅੰਦਰ ਕਾਨੂੰਨ ਦੀ ਰੱਖਿਆ ਅਤੇ ਨਿਆਂ ਪ੍ਰਦਾਨ ਕਰਨ ਵਾਸਤੇ ਵਚਨਬੱਧ ਹਨ।

ਵਿਸ਼ੇਸ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦਿਆ SSP ਫਰੀਦਕੋਟ ਡਾ ਪ੍ਰਗਿਆ ਜੈਨ ਨੇ ਦੱਸਿਆ ਕਿ ਥਾਣਾ ਸਦਰ ਫਰੀਦਕੋਟ, ਥਾਣਾ ਸਿਟੀ-2 ਫਰੀਦਕੋਟ, ਥਾਣਾ ਸਦਰ ਕੋਟਕਪੂਰਾ ਅਤੇ ਸੀ.ਆਈ.ਏ ਸਟਾਫ ਦੀਆਂ ਟੀਮਾਂ ਨੇ ਤਤਪਰਤਾ ਦਿਖਾਉਦੇ ਹੋਏ ਇਹਨਾ ਵਾਰਦਾਤਾ ਨੂੰ ਬਹੁਤ ਘੱਟ ਸਮੇ ਵਿੱਚ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਉਹਨਾਂ ਦੱਸਿਆ ਕਿ ਪਹਿਲੀ ਵਾਰਦਾਤ ਪਿੰਡ ਸੰਧਵਾਂ ਵਿਖੇ ਵਾਪਰੀ, ਜਿੱਥੇ 6 ਤੋਂ 07 ਜੁਲਾਈ 2025 ਦੀ ਰਾਤ ਜਗਮੋਹਨ ਸਿੰਘ ਨਾਮਕ ਵਿਅਕਤੀ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੇ ਭਰਾ ਇੰਦਰਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਬਿਆਨਾਂ ਮੁਤਾਬਕ, ਜਗਮੋਹਨ ਸਿੰਘ ਆਪਣੇ ਘਰ ਦੇ ਨੇੜੇ ਖੇਤ ਵਲ ਗਏ ਹੋਏ ਸਨ ਜਦ ਉਹਨਾਂ ਨੂੰ ਕੁਝ ਲੋਕਾਂ ਨੇ ਰਸਤੇ ਵਿੱਚ ਹੀ ਘੇਰ ਕੇ ਆਪਣੇ ਘਰ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਤਿੱਖੇ ਹਥਿਆਰਾਂ ਨਾਲ ਸੱਟਾਂ ਮਾਰੀਆਂ। ਇਸ ਘਟਨਾ ਵਿੱਚ ਨਾਨਕਸਰ ਬਸਤੀ ਦੇ ਸਤਨਾਮ ਸਿੰਘ ਅਤੇ ਉਸਦੇ ਪਰਿਵਾਰ ਦੇ ਮੈਬਰ ਸ਼ਾਮਿਲ ਸਨ।

ਪੁਲਿਸ ਟੀਮਾਂ ਵੱਲੋਂ ਇਸ ਮਾਮਲੇ ਵਿੱਚ ਜਲਦ ਕਾਰਵਾਈ ਕਰਦਿਆਂ ਦੋਸ਼ੀਆਂ ਚੰਦ ਸਿੰਘ, ਹਰਬੰਸ ਕੌਰ ਅਤੇ ਇੱਕ ਨਾਬਾਲਿਗ ਨੂੰ 9 ਜੁਲਾਈ 2025 ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਇਸ ਸਬੰਧੀ ਵਜ੍ਹਾ ਰੰਜਿਸ਼ ਇਹ ਸਾਹਮਣੇ ਆਈ ਕਿ ਦੋਸ਼ੀਆ ਵੱਲੋ ਹਰਬੰਸ ਕੌਰ ਅਤੇ ਜਗਮੋਹਨ ਸਿੰਘ ਦਾ ਆਪਸੀ ਨਜਾਇਜ ਸਬੰਧ ਹੋਣ ਦਾ ਸੱਕ ਹੋਣ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਇਸ ਦੇ ਨਾਲ ਹੀ ਪਿੰਡ ਕੰਮੇਆਣਾ ਵਿਖੇ ਹੋਏ ਅੰਨ੍ਹੇ ਕਤਲ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਉਹਨਾਂ ਕਿਹਾ ਕਿ ਦੂਜੀ ਵਾਰਦਾਤ ਪਿੰਡ ਕੰਮੇਆਣਾ ਵਿੱਚ ਮਿਤੀ 8 ਜੁਲਾਈ 2025 ਨੂੰ ਵਾਪਰੀ, ਜਿੱਥੇ ਇੱਕ ਅੰਨ੍ਹਾ ਕਤਲ ਹੋਇਆ, ਜਿੱਥੇ ਇੰਦਰਜੀਤ ਸਿੰਘ ਨਾਮੀ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਅਤੇ ਥਾਣਾ ਸਦਰ ਫਰੀਦਕੋਟ ਦੀਆਂ ਟੀਮਾਂ ਨੇ ਤਤਕਾਲ ਕਾਰਵਾਈ ਕਰਦਿਆਂ ਇਸ ਅੰਨ੍ਹੇ ਕਤਲ ਕੇਸ ਵਿੱਚ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ਤੇ ਕਾਰਵਾਈ ਕਰਦਿਆ ਨਾ ਸਿਰਫ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕੁਝ ਘੰਟਿਆਂ ਦੇ ਅੰਦਰ ਟਰੇਸ ਕੀਤਾ, ਬਲਕਿ ਗ੍ਰਿਫਤਾਰ ਵੀ ਕੀਤਾ ਗਿਆ।

ਪੁਲਿਸ ਟੀਮਾਂ ਵੱਲੋਂ ਇਸ ਮਾਮਲੇ ਦੇ ਦੋਸ਼ੀਆਂ ਰਵਿੰਦਰ ਕੁਮਾਰ ਉਰਫ ਸੁੱਖਾ, ਤੇਜ ਸਿੰਘ ਅਤੇ ਮਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਕੋਲੋਂ ਇੱਕ .315 ਬੋਰ ਦੇਸੀ ਕੱਟਾ ਅਤੇ ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ। ਉਹਨਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਇੰਦਰਜੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਰਵਿੰਦਰ ਕੁਮਾਰ ਉਰਫ ਸੁੱਖਾ ਨਾਲ ਨਜਾਇਜ ਸਬੰਧ ਸਨ, ਜੋ ਕਿ ਉਸ ਨਾਲ ਹੀ ਫਰੀਦਕੋਟ ਵਿਖੇ ਰਹਿ ਰਹੀ ਸੀ। ਜਿਸ ਦੌਰਾਨ ਮਨਪ੍ਰੀਤ ਕੌਰ ਵੱਲੋਂ ਇੱਕ ਗਿਣੀ ਮਿਥੀ ਸਾਜਿਸ ਦੇ ਤਹਿਤ ਰਵਿੰਦਰ ਕੁਮਾਰ ਅਤੇ ਆਪਣੇ ਪਿਤਾ ਤੇਜ ਸਿੰਘ ਨਾਲ ਮਿਲ ਕੇ ਇੰਦਰਜੀਤ ਸਿੰਘ ਦੇ ਕਤਲ ਦੀ ਸਾਜਿਸ ਘੜੀ ਅਤੇ ਜਿਸ ਉਪਰੰਤ ਰਵਿੰਦਰ ਕੁਮਾਰ ਉਰਫ ਸੁੱਖਾ ਅਤੇ ਤੇਜ ਸਿੰਘ ਵੱਲੋ ਰਾਤ ਸਮੇ ਮੋਟਰਸਾਈਕਲ ਦੀ ਵਰਤੋ ਕਰਕੇ ਪਿੰਡ ਕੰਮੇਆਣਾ ਪੱਜੇ ਅਤੇ ਜਿੱਥੇ ਰਵਿੰਦਰ ਕੁਮਾਰ ਵੱਲੋਂ ਆਪਣੇ ਇੱਕ ਨਜਾਇਜ ਦੇਸੀ .315 ਬੋਰ ਕੱਟੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਵਾਰਦਾਤ ਦੀ ਤਫਤੀਸ਼ ਦੌਰਾਨ ਫੈਰੈਸਿਕ ਟੀਮਾਂ ਅਤੇ ਡਾੱਗ ਸਕਾਡ ਟੀਮਾਂ ਨੇ ਇਸ ਕੇਸ ਨੂੰ ਟਰੇਸ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈ ਅਤੇ ਇਸ ਵਾਰਦਾਤ ਨੂੰ ਘੱਟ ਸਮੇ ਵਿੱਚ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। 

ਜਾਣਕਾਰੀ ਦਿੰਦਿਆ SSP ਡਾ ਪ੍ਰਗਿਆ ਜੈਨ ਨੇ ਦੱਸਿਆ ਕਿ ਇਸੇ ਦੌਰਾਨ ਇੱਕ ਵਾਰਦਾਤ ਨਾਨਕਸਰ ਬਸਤੀ, ਫਰੀਦਕੋਟ ਵਿੱਚ ਸਾਹਮਣੇ ਆਈ, ਜਿੱਥੇ ਰਜਨੀ ਉਰਫ ਰਾਜਬੀਰ ਕੌਰ ਦੇ ਕਤਲ ਹੋਣ ਦੀ ਸੂਚਨਾ ਮਿਲੀ। ਜਿਸ ਸਬੰਧੀ ਪੁਲਿਸ ਪਾਰਟੀ ਤੁਰੰਤ ਮੌਕੇ ਪਰ ਪੁੱਜੀ ਅਤੇ ਮ੍ਰਿਤਕ ਰਜਨੀ ਉਰਫ ਰਾਜਬੀਰ ਦੇ ਪਿਤਾ ਗੁਰਬਖਸ਼ ਸਿੰਘ ਦੇ ਬਿਆਨਾ ਪਰ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਦੀ ਤਫਤੀਸ਼ ਦੌਰਾਨ ਪੁਲਿਸ ਟੀਮਾਂ ਵੱਲੋ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮ੍ਰਿਤਕ ਰਜਨੀ ਕੌਰ ਦੇ ਪਤੀ ਦੋਸੀ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 300 ਮਿਤੀ 09.07.2025 ਅਧੀਨ ਧਾਰਾ 103(1) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ। 

ਉਹਨਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਕਤਲ ਦੀ ਵਜਾ ਰੰਜਿਸ ਇਹ ਸਾਹਮਣੇ ਆਈ ਹੈ ਕਿ ਦੋਸ਼ੀ ਰਸ਼ਪਾਲ ਸਿੰਘ ਆਪਣੀ ਪਤਨੀ ਮ੍ਰਿਤਕ ਰਜਨੀ ਉਰਫ ਰਾਜਬੀਰ ਦੀ ਕੁੱਟਮਾਰ ਕਰਦਾ ਸੀ, ਜਿਸ ਕਰਕੇ ਉਹ 06 ਮਹੀਨਿਆ ਤੋ ਅਲੱਗ ਰਹਿ ਰਹੀ ਸੀ ਅਤੇ ਜਦੋ ਮਿਤੀ 08.07.2025 ਨੂੰ ਉਹ ਆਪਣੇ ਬੱਚਿਆ ਨੂੰ ਮਿਲਣ ਗਈ ਤਾਂ ਦੋਸ਼ੀ ਰਸ਼ਪਾਲ ਸਿੰਘ ਵੱਲੋਂ ਸੱਟਾ ਮਾਰ ਕੇ ਉਸਦਾ ਕਤਲ ਕਰ ਦਿਤਾ ਗਿਆ। 

ਫਿਲਹਾਲ ਫਰੀਦਕੋਟ ਪੁਲਿਸ ਵੱਲੋਂ  ਲਗਾਤਾਰ ਤਿੰਨ ਦਿਨਾਂ ਵਿਚ ਤਿੰਨ ਵੱਡੇ ਅਤੇ ਗੰਭੀਰ ਕਤਲ ਮਾਮਲਿਆਂ ਵਿੱਚ ਤੇਜ਼ੀ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਗਈ ਜਾਂਚ ਅਤੇ ਗ੍ਰਿਫਤਾਰੀਆਂ, ਦਰਸਾਉਂਦੀਆਂ ਹਨ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਵਿਰੁੱਧ ਅਪਰਾਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਫਰੀਦਕੋਟ ਪੁਲਿਸ ਲੋਕਾਂ ਦੀ ਸੁਰੱਖਿਆ, ਨਿਆਂ ਅਤੇ ਭਰੋਸੇ ਲਈ ਹਮੇਸ਼ਾਂ ਤਤਪਰ ਹੈ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ ਸਖਤ ਰੁਖ ਅਪਣਾਇਆ ਜਾ ਰਿਹਾ ਹੈ।

Read More
{}{}