Faridkot News (ਨਰੇਸ਼ ਸੇਠੀ): ਫਰੀਦਕੋਟ ਜ਼ਿਲ੍ਹੇ ਵਿੱਚ ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਗੱਲ ਕਰੀਏ ਤਾਂ ਕੱਲ੍ਹ ਫਰੀਦਕੋਟ ਦੇ ਪਿੰਡ ਸੰਧਵਾਂ ਵਿੱਚ ਇੱਕ ਵਿਅਕਤੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅੱਜ ਮੁੜ ਤੋਂ ਫਰੀਦਕੋਟ ਦੇ ਪਿੰਡ ਕੰਮਿਆਣਾ ਵਿੱਚ ਇੱਕ ਵਿਅਕਤੀ ਦੀ ਘਰ ਵਿੱਚ ਹੀ ਭੇਦ-ਭਰੇ ਹਾਲਾਤਾਂ ਵਿੱਚ ਲਾਸ਼ ਮਿਲਣ ਨਾਲ ਮਾਹੌਲ ਤਣਾਅਪੂਰਨ ਹੋ ਗਿਆ।
ਦੱਸ ਦਈਏ ਕਿ ਉਕਤ ਮ੍ਰਿਤਕ ਵਿਅਕਤੀ ਦੇ ਸਿਰ ਵਿੱਚ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਤੋਂ ਬਾਅਦ ਕਾਫੀ ਗੰਭੀਰ ਸੱਟਾਂ ਵੱਜੀਆਂ ਹੋਈਆਂ ਸਨ ਜੋ ਉਸ ਦੀ ਮੌਤ ਦੀ ਵਜ੍ਹਾ ਬਣੀਆਂ। ਫਿਲਹਾਲ ਪੁਲਿਸ ਅਤੇ ਫਰੈਂਸਿਕ ਵਿਭਾਗ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ ਹਨ ਜੋ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈਆਂ ਹਨ। ਗੋਰਤਲਬ ਹੈ ਕਿ ਉਕਤ ਵਿਅਕਤੀ ਦੀ ਲਾਸ਼ ਕੋਲ ਇੱਕ ਸ਼ਰਾਬ ਦੀ ਖਾਲੀ ਬੋਤਲ ਵੀ ਪਈ ਹੋਈ ਸੀ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਸੰਦੀਪ ਵਡੇਰਾ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਰੀਦਕੋਟ ਦੇ ਪਿੰਡ ਕੰਮਿਆਣਾ ਵਿੱਚ ਇੱਕ ਵਿਅਕਤੀ ਦੀ ਕਿਸੇ ਵੱਲੋਂ ਹੱਤਿਆ ਕਰ ਦਿੱਤੀ ਗਈ ਹੈ। ਜਦ ਮੌਕੇ ਤੇ ਪੁਲਿਸ ਦੀ ਟੀਮ ਪੁੱਜੀ ਤਾਂ ਦੇਖਿਆ ਕਿ ਇੰਦਰਜੀਤ ਸਿੰਘ ਉਰਫ ਇੰਦਰੂ ਨਾਮਕ ਵਿਅਕਤੀ ਦੀ ਲਾਸ਼ ਉਸ ਦੇ ਘਰ ਵਿੱਚ ਹੀ ਪਈ ਹੋਈ ਸੀ ਜਿਸ ਦੇ ਸਿਰ ਉੱਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ ਅਤੇ ਮੁਢਲੀ ਜਾਂਚ ਤੋਂ ਇਹੀ ਜਾਪਦਾ ਸੀ ਕਿ ਇਹੀ ਤੇਜ਼ਧਾਰ ਹਥਿਆਰ ਦੀ ਸੱਟ ਉਸ ਦੀ ਮੌਤ ਦਾ ਕਾਰਨ ਬਣੀ। ਪੁਲਿਸ ਨੂੰ ਮੌਕੇ ਤੇ ਇੱਕ ਸ਼ਰਾਬ ਦੀ ਖਾਲੀ ਬੋਤਲ ਵੀ ਪਈ ਮਿਲੀ।
ਐਸ.ਪੀ ਸੰਦੀਪ ਵਡੇਰਾ ਨੇ ਦੱਸਿਆ ਕਿ ਇੰਦਰਜੀਤ ਸਿੰਘ ਉਰਫ ਇੰਦਰੂ ਦਾ ਕਰੈਕਟਰ ਕਾਫੀ ਸ਼ੱਕੀ ਹੈ। ਇਸ ਦੀਆਂ ਦੋ ਸ਼ਾਦੀਆਂ ਹੋਈਆਂ ਸਨ ਅਤੇ ਦੂਜੀ ਸ਼ਾਦੀ ਤੋਂ ਬਾਅਦ ਦੂਸਰੇ ਪਤਨੀ ਨਾਲ ਵੀ ਇਸ ਦੇ ਸਬੰਧ ਚੰਗੇ ਨਹੀਂ ਸਨ। ਉਹਨਾਂ ਦੱਸਿਆ ਕਿ ਪੁਲਿਸ ਕਈ ਐਂਗਲਾਂ ਤੋਂ ਜਾਂਚ ਕਰ ਰਹੀ ਹੈ। ਇਸ ਦੀ ਹੱਤਿਆ ਦੀ ਵਜ੍ਹਾ ਕੀ ਹੋ ਸਕਦੀ ਹੈ। ਫਿਲਹਾਲ ਫਰੈਂਸਿਕ ਟੀਮ ਦੀ ਮਦਦ ਦੇ ਨਾਲ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹੱਤਿਆ ਦੀ ਅਸਲੀ ਵਜ੍ਹਾ ਅਤੇ ਕਾਤਲਾਂ ਬਾਰੇ ਪਤਾ ਲਗਾਇਆ ਜਾਏਗਾ।