Khanna News (ਧਰਮਿੰਦਰ ਸਿੰਘ): ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਵਿਆਹ ਕਰਾਉਣ ਅਤੇ ਉੱਥੇ ਸੈਟਲਮੈਂਟ ਦਾ ਸੁਪਨਾ ਦਿਖਾ ਕੇ ਪੰਜਾਬ ਦੇ ਕਈ ਨੌਜਵਾਨਾਂ ਨੂੰ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਮਾਂ-ਧੀ ਗਿਰੋਹ ਦੇ ਖੁਲਾਸਾ ਹੋਇਆ ਹੈ। ਇਸ ਗਿਰੋਹ ਨੇ ਪਿਛਲੇ ਦੋ ਸਾਲਾਂ ਵਿੱਚ ਬਠਿੰਡਾ, ਮੋਗਾ, ਖੰਨਾ, ਰਾਏਕੋਟ, ਮਾਛੀਵਾੜਾ ਸਾਹਿਬ ਅਤੇ ਸ਼ਾਹਕੋਟ ਦੇ ਕਈ ਪਰਿਵਾਰਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
ਪੁਲਿਸ ਦੇ ਅਨੁਸਾਰ ਮੁੱਖ ਦੋਸ਼ੀ ਸੁਖਦਰਸ਼ਨ ਕੌਰ ਲੁਧਿਆਣਾ ਦੀ ਰਹਿਣ ਵਾਲੀ ਹੈ। ਉਹ ਆਪਣੀ ਧੀ ਹਰਪ੍ਰੀਤ ਕੌਰ ਉਰਫ਼ ਹੈਰੀ, ਜੋ ਵਰਕ ਪਰਮਿਟ ’ਤੇ ਕੈਨੇਡਾ ਵਿੱਚ ਰਹਿ ਰਹੀ ਹੈ, ਦੇ ਵਿਆਹ ਦਾ ਸੁਪਨਾ ਦਿਖਾ ਕੇ ਪਰਿਵਾਰਾਂ ਨਾਲ ਸੰਪਰਕ ਕਰਦੀ ਸੀ। ਗਿਰੋਹ ਨੇ ਅਖਬਾਰਾਂ ਵਿੱਚ ਇਸ਼ਤਿਹਾਰ ਅਤੇ ਸਥਾਨਕ ਮੈਚਮੇਕਰਾਂ ਰਾਹੀਂ ਪਰਿਵਾਰਾਂ ਤੱਕ ਪਹੁੰਚ ਬਣਾਈ। ਹਰਪ੍ਰੀਤ ਵੀਡਿਓ ਕਾਲਾਂ ਅਤੇ ਫੋਟੋਆਂ ਰਾਹੀਂ ਮੰਗਣੀਆਂ ਕਰਵਾ ਲੈਂਦੀ ਸੀ। ਮੰਗਣੀ ਤੋਂ ਬਾਅਦ ਸੁਖਦਰਸ਼ਨ ਕੌਰ ਕੈਨੇਡਾ ਭੇਜਣ ਲਈ ਕਰਜ਼ੇ ਦਾ ਹਵਾਲਾ ਦੇ ਕੇ ਲੱਖਾਂ ਰੁਪਏ ਮੰਗ ਲੈਂਦੀ ਸੀ।
ਖੁਲਾਸਾ ਉਦੋਂ ਹੋਇਆ ਜਦੋਂ ਰਾਜਵਿੰਦਰ ਸਿੰਘ ਨਾਮਕ ਨੌਜਵਾਨ, ਜੋ ਪਹਿਲਾਂ ਹੀ ਗਿਰੋਹ ਦਾ ਸ਼ਿਕਾਰ ਬਣ ਚੁੱਕਾ ਸੀ, ਨੂੰ ਸੁਖਦਰਸ਼ਨ ਵੱਲੋਂ ਗਲਤੀ ਨਾਲ ਭੇਜਿਆ ਇੱਕ ਵਟਸਐਪ ਵੌਇਸ ਨੋਟ ਮਿਲਿਆ। ਨੋਟ ਵਿੱਚ ਪੈਸਿਆਂ ਦੀ ਗੱਲਬਾਤ ਸਪਸ਼ਟ ਸੀ। ਰਾਜਵਿੰਦਰ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਖੰਨਾ ਪੁਲਿਸ ਨੇ ਦੋਰਾਹਾ ਵਿਖੇ ਹੋਟਲ 'ਚ ਰੇਡ ਕਰਕੇ ਮੁਲਜ਼ਮ ਫੜੇ। ਉਸ ਸਮੇਂ ਖੰਨਾ ਦੇ ਜਸਦੀਪ ਸਿੰਘ ਦਾ ਫਰਜ਼ੀ ਵਿਆਹ ਹੋ ਰਿਹਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਸੁਖਦਰਸ਼ਨ ਕੌਰ, ਉਸਦੇ ਪੁੱਤਰ ਮਨਪ੍ਰੀਤ ਸਿੰਘ ਅਤੇ ਸਾਥੀ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਧੀ ਹਰਪ੍ਰੀਤ ਕੌਰ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕਰਨ ਦੀ ਤਿਆਰੀ ਹੈ।
ਜਾਂਚ ਦੌਰਾਨ ਪਤਾ ਲੱਗਿਆ ਕਿ ਗਿਰੋਹ ਨੇ ਰਾਜਵਿੰਦਰ ਸਿੰਘ (ਬਠਿੰਡਾ), ਜਸਦੀਪ ਸਿੰਘ (ਖੰਨਾ), ਗਗਨਪ੍ਰੀਤ ਸਿੰਘ (ਰਾਏਕੋਟ), ਕਮਲਜੀਤ ਸਿੰਘ (ਮੋਗਾ), ਰੁਪਿੰਦਰ ਸਿੰਘ (ਸ਼ਾਹਕੋਟ), ਗੋਰਾ ਸਿੰਘ (ਮੋਗਾ) ਅਤੇ ਸ਼ੁੱਧ ਸਿੰਘ (ਮਾਛੀਵਾੜਾ ਸਾਹਿਬ) ਨੌਜਵਾਨਾਂ ਨਾਲ ਠੱਗੀ ਕੀਤੀ। ਇਨ੍ਹਾਂ ਨੇ ਕੁੱਲ 1.5 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ।
ਪੁਲਿਸ ਦੇ ਮੁਤਾਬਕ, ਹਰਪ੍ਰੀਤ ਕੌਰ ਨੌਜਵਾਨਾਂ ਤੋਂ ਕੈਨੇਡਾ ਵਿੱਚ ਕਿਰਾਏ, ਪੜ੍ਹਾਈ ਅਤੇ ਦਵਾਈਆਂ ਦੇ ਨਾਂ ’ਤੇ ਵੀ ਪੈਸੇ ਲੈਂਦੀ ਸੀ। ਜਦੋਂ ਪੈਸੇ ਮਿਲ ਜਾਂਦੇ ਤਾਂ ਉਹ ਕਾਲਾਂ ਕਰਨੀਆਂ ਬੰਦ ਕਰ ਦਿੰਦੀ ਸੀ ਜਾਂ ਵਿਆਹ ਦੀ ਤਾਰੀਖ਼ ਮੁਲਤਵੀ ਕਰ ਦਿੰਦੀ ਸੀ।