Kotakpura News: ਡਾ. ਪ੍ਰਗਿਆ ਜੈਨ ਐਸ.ਐਸ.ਪੀ, ਫਰੀਦਕੋਟ ਦੀ ਨਿਗਰਾਨੀ ਹੇਠ ਜਿਲ੍ਹਾ ਲੈਵਲ ਡਰੱਗ ਡਿਸਪੋਜਲ ਕਮੇਟੀ ਮੈਂਬਰਾਂ ਵੱਲੋਂ ਸੇਲ ਲਿਮਟਿਡ ਪਾਵਰ ਪਲਾਟ ਸੇਡਾ ਸਿੰਘ ਵਾਲਾ ਵਿਖੇ 03 ਕਿਲੋ ਤੋ ਵੱਧ ਹੈਰੋਇਨ, 175 ਕਿਲੋ 200 ਗ੍ਰਾਮ ਪੋਸਤ, 20430 ਨਸ਼ੀਲੀਆਂ ਗੋਲੀਆਂ, 930 ਕੈਪਸੂਲ, 21 ਕਿਲੋ 850 ਗ੍ਰਾਮ ਗਾਜਾਂ, 880 ਗ੍ਰਾਮ ਚਰਸ ਅਤੇ 350 ਬੋਤਲਾਂ ਨੂੰ ਨਸ਼ਟ ਕੀਤਾ ਗਿਆ।
ਐਸ.ਐਸ.ਪੀ ਡਾ. ਪ੍ਰਗਿਆ ਜੈਨ ਵੱਲੋਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਨਸ਼ੇ ਦੀ ਇਹ ਭਾਰੀ ਮਾਤਰਾ, ਜੋ 77 ਐਨ.ਡੀ.ਪੀ.ਐੱਸ. ਮਾਮਲਿਆਂ ਨਾਲ ਸਬੰਧਤ ਹੈ, ਜਿਸ ਨੂੰ ਕਿ ਅੱਜ ਪੂਰੀ ਪਾਰਦਰਸ਼ਤਾ ਨਾਲ ਨਸ਼ਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾ ਦੱਸਿਆ ਕਿ ਕੁਝ ਦਿਨ ਪਹਿਲਾ ਹੀ ਜਿਲਾ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਦਰਜ 10 ਮੁਕੱਦਮਿਆ ਵਿੱਚ ਬਰਾਮਦ ਹੋਈ 12 ਕਿਲੋ 400 ਗ੍ਰਾਮ ਦੇ ਕਰੀਬ ਅਫੀਮ ਨੂੰ ਸਰਕਾਰੀ ਅਫ਼ੀਮ ਅਤੇ ਐਲਕਲੋਇਡ ਫੈਕਟਰੀ, ਨੀਮਚ (ਮੱਧ ਪ੍ਰਦੇਸ਼) ਵਿੱਚ ਜਮ੍ਹਾਂ ਕਰਵਾਇਆ ਗਿਆ ਸੀ।
ਉਹਨਾਂ ਦੱਸਿਆ ਕਿ ਜਿਲਾ ਪੁਲਿਸ ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਲਗਾਤਾਰ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਜਿਸ ਦੇ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ ਵੱਡੀ ਮਾਤਰਾ ਵਿੱਚ ਬ੍ਰਾਮਦਗੀ ਕੀਤੀ ਗਈ ਹੈ। ਜਿਹਨਾਂ ਵਿੱਚ ਬਰਾਮਦ ਹੋਏ ਨਸ਼ੀਲੇ ਪਦਾਰਥਾ ਨੂੰ ਅੱਜ ਨਸ਼ਟ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਵਿੱਚ ਪੂਰੀ ਤਰ੍ਹਾਂ ਕਾਰਗਰ ਸਾਬਤ ਹੋਈ ਹੈ, ਜਿਸ ਦੌਰਾਨ ਫਰੀਦਕੋਟ ਪੁਲਿਸ ਵੱਲੋ ਮਾਰਚ 2025 ਤੋ ਲੈ ਕੇ ਹੁਣ ਤੱਕ 346 ਮੁਕੱਦਮੇ ਦਰਜ ਕਰਕੇ 517 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਪਿਛਲੇ ਮਹਿਜ 10 ਮਹੀਨਿਆ ਦੌਰਾਨ ਨਸ਼ਾ ਤਸਕਰਾ ਦੀ 04 ਕਰੋੜ 90 ਲੱਖ ਤੋ ਜਿਆਦਾ ਕੀਮਤ ਦੀ ਜਾਇਦਾਤ ਸਬੰਧਿਤ ਅਥਾਰਟੀ ਪਾਸੋ ਮਨਜੂਰੀ ਹਾਸਿਲ ਕਰਨ ਉਪਰੰਤ ਫਰੀਜ ਕਰਵਾਈ ਗਈ ਹੈ।
ਐਸ.ਐਸ.ਪੀ ਫਰੀਦਕੋਟ ਨੇ ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕਿਸਮ ਦੇ ਨਸ਼ਿਆਂ ਤੋਂ ਦੂਰ ਰਹਿਣ, ਕਿਉਂਕਿ ਨਸ਼ੇ ਦੀ ਆਦਤ ਉਨ੍ਹਾਂ ਦੀ ਜ਼ਿੰਦਗੀ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲੜਾਈ ਵਿਚ ਪੁਲਿਸ ਪ੍ਰਸ਼ਾਸ਼ਨ ਨਾਲ ਮਿਲ ਕੇ ਕੰਮ ਕਰਨ ਅਤੇ ਕਿਸੇ ਵੀ ਨਸ਼ਾ ਤਸਕਰ ਜਾਂ ਸਪਲਾਇਰ ਦੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਵੀ ਕੀਤੀ।