Ludhiana News (ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਖਾਲੀ ਪਲਾਟ ਵਿੱਚੋਂ ਇੱਕ ਨੀਲੇ ਰੰਗ ਦੇ ਡਰਮ ਦੇ ਵਿੱਚ ਰਸੀਆਂ ਨਾਲ ਬੰਨੀ ਹੋਈ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ। ਜਿਸ ਕਾਰਨ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ, ਜਦੋਂ ਇਲਾਕੇ ਵਿੱਚ ਬਦਬੂ ਆਈ ਤਾਂ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਲੁਧਿਆਣਾ ਪੁਲਿਸ ਨੇ ਤੁਰੰਤ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਅਤੇ ਸਿਰਫ਼ 36 ਘੰਟੇ ਦੇ ਵਿੱਚ ਇਸ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਛੇ ਆਰੋਪੀਆਂ ਨੂੰ ਕਾਬੂ ਕੀਤਾ ਹੈ। ਇਹਨਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਡੀਸੀਪੀ ਕਰਨਵੀਰ ਸਿੰਘ ਨੇ ਪੱਤਰਕਾਰ ਵਾਰਤਾ ਕਰਕੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਮਨੋਜ ਨਾਮਕ ਵਿਅਕਤੀ ਦਾ ਉਸਦੇ ਹੀ ਸਾਥੀਆਂ ਨੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸਦੀ ਲਾਸ਼ ਨੂੰ ਛਪਾਉਣ ਲਈ ਪਹਿਲਾਂ ਲਾਸ਼ ਨੂੰ ਰੱਸੀਆਂ ਨਾਲ ਬੰਨਿਆ ਫ਼ਿਰ ਉਸ ਤੋਂ ਬਾਅਦ ਪਲਾਸਟਿਕ ਦੇ ਲਿਫਾਫੇ ਵਿੱਚ ਪਾਇਆ ਅਤੇ ਇੱਕ ਨੀਲੇ ਡਰਮ ਦੇ ਵਿੱਚ ਉਸ ਲਾਸ਼ ਨੂੰ ਬੰਦ ਕਰ ਦਿੱਤਾ ਅਤੇ ਕੁਝ ਘੰਟਿਆਂ ਬਾਅਦ ਉਸ ਲਾਸ਼ ਨੂੰ ਟਿਕਾਉਣੇ ਲਗਾਉਣ ਲਈ ਇਕ ਈ ਰਿਕਸ਼ਾ ਕਿਰਾਏ ਤੇ ਲਿਆ ਅਤੇ ਉਸ ਈ ਰਿਕਸ਼ਾ ਵਿੱਚ ਨੀਲੇ ਡਰਮ ਨੂੰ ਰੱਖ ਕੇ ਖਾਲੀ ਪਲਾਟ ਵਿੱਚ ਸੁੱਟ ਦਿੱਤਾ।
ਇਸ ਸਾਰੇ ਮਾਮਲੇ ਦੇ ਵਿੱਚ ਪੁਲਿਸ ਨੇ ਤੁਰੰਤ ਜਾਂਚ ਕੀਤੀ ਅਤੇ ਸਿਰਫ਼ 36 ਘੰਟੇ ਦੇ ਵਿੱਚ ਛੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਡਿਵੀਜ਼ਨ ਨੰਬਰ ਛੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਆਪਣੇ ਦੋਸਤਾਂ ਦੇ ਘਰ ਖਾਣ ਪੀਣ ਗਿਆ ਸੀ ਜਿੱਥੇ ਕਿ ਸ਼ਰਾਬ ਦੇ ਨਸੇ ਵਿੱਚ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ ਤੇ ਉਸ ਤੋਂ ਬਾਅਦ ਦੋਸ਼ੀਆਂ ਨੇ ਮਨੋਜ ਨਾਮਕ ਦੇ ਸੱਟਾਂ ਮਾਰੀਆਂ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਛੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਇਹਨਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ।