Malerkotla News: ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਵਿਚ ਨਸ਼ਾ ਤਸਕਰੀ ਖ਼ਿਲਾਫ਼ ਸਰਗਰਮ ਮੁਹਿੰਮ ਤਹਿਤ ਅੱਜ ਇੱਕ ਵੱਡੀ ਕਾਰਵਾਈ ਹੋਈ, ਜਿਸ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਨਸ਼ਾ ਤਸਕਰਾਂ ਦੇ ਘਰਾਂ 'ਤੇ ਪੀਲਾ ਪੰਜਾ (ਬੁਲਡੋਜ਼ਰ) ਚਲਾਇਆ। ਇਹ ਕਾਰਵਾਈ ਐਸ.ਐਸ.ਪੀ. ਗਗਨਅਜੀਤ ਸਿੰਘ ਦੀ ਅਗਵਾਈ ਹੇਠ ਡੀ.ਐਸ.ਪੀ. ਦਵਿੰਦਰ ਸਿੰਘ ਸੰਧੂ ਅਤੇ ਅਮਰਗੜ੍ਹ ਪੁਲਿਸ ਦੀ ਭਾਰੀ ਫੋਰਸ ਨਾਲ ਕੀਤੀ ਗਈ।
ਐਸ.ਐਸ.ਪੀ. ਗਗਨਅਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਘਰ ਤੋੜੇ ਗਏ ਹਨ, ਉਹਨਾਂ ਖ਼ਿਲਾਫ਼ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਪਰਚੇ ਦਰਜ ਹਨ। ਪੁਲਿਸ ਨੇ ਪਹਿਲਾਂ ਵੀ ਇਨ੍ਹਾਂ ਦੀਆਂ ਲੱਖਾਂ ਰੁਪਏ ਦੀ ਜਾਇਦਾਦਾਂ ਫਰੀਜ਼ ਕੀਤੀਆਂ ਹਨ।
ਕਾਰਵਾਈ ਦੌਰਾਨ ਨਸ਼ਾ ਤਸਕਰਾਂ ਦੇ ਕੁਝ ਪਰਿਵਾਰਕ ਮੈਂਬਰਾਂ ਵਲੋਂ ਵਿਰੋਧ ਵੀ ਕੀਤਾ ਗਿਆ, ਪਰ ਪ੍ਰਸ਼ਾਸਨ ਅਤੇ ਪੁਲਿਸ ਨੇ ਵਿਰੋਧ ਦੇ ਬਾਵਜੂਦ ਸਖ਼ਤੀ ਨਾਲ ਘਰਾਂ ਨੂੰ ਤੋੜ ਦਿੱਤਾ।
ਐਸ.ਐਸ.ਪੀ. ਗਗਨਅਜੀਤ ਸਿੰਘ ਨੇ ਕਿਹਾ, "ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਦੇ ਅਧੀਨ ਅਸੀਂ ਕਿਸੇ ਵੀ ਤਸਕਰ ਨੂੰ ਬਖ਼ਸ਼ਣ ਵਾਲੇ ਨਹੀਂ। ਇਹ ਮੁਹਿੰਮ ਹੋਰ ਵੀ ਤੇਜ਼ੀ ਨਾਲ ਚਲਾਈ ਜਾਵੇਗੀ।"
ਇਹ ਕਾਰਵਾਈ ਸਿੱਧ ਕਰਦੀ ਹੈ ਕਿ ਪ੍ਰਸ਼ਾਸਨ ਹੁਣ ਨਸ਼ਾ ਤਸਕਰੀ ਵਿਰੁੱਧ ਬਿਲਕੁਲ ਜ਼ੀਰੋ ਟੋਲਰੰਸ ਨੀਤੀ ਅਪਣਾ ਚੁੱਕਾ ਹੈ ਅਤੇ ਜਿਨ੍ਹਾਂ ਦੇ ਨਾਂ ਪਰਚੇ ਦਰਜ ਹਨ, ਉਨ੍ਹਾਂ ਵਿਰੁੱਧ ਅਗਲੇ ਦਿਨਾਂ ਵਿੱਚ ਹੋਰ ਵੀ ਸਖ਼ਤ ਕਦਮ ਚੁੱਕੇ ਜਾਣਗੇ।