Moaga News: ਮੋਗਾ ਦੇ ਮਹਾਵੀਰ ਨਗਰ ਇਲਾਕੇ ਵਿੱਚ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਨੂੰ ਚਾਰ ਤੋਂ ਪੰਜ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਨੌਜਵਾਨ ਦੀ ਪਹਿਚਾਣ ਸਾਹਿਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸਾਹਿਲ ਆਪਣੇ ਘਰ ਦੇ ਬਾਹਰ ਦੋਸਤਾਂ ਨਾਲ ਬੈਠਾ ਸੀ, ਉਸ ਸਮੇਂ ਕੁਝ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਉਸ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਜ਼ਖਮੀ ਹਾਲਤ ਵਿੱਚ ਸਾਹਿਲ ਦੇ ਸਾਥੀਆਂ ਵੱਲੋਂ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਮੁਤਾਬਿਕ ਆਪਸੀ ਰੰਜਿਸ਼ ਕਾਰਨ ਮਹੱਲੇ ਦੇ ਵਿੱਚ ਹੀ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾਈਆਂ ਗਈਆਂ ਹਨ।
ਮੌਕੇ ਤੇ ਪੁੱਜੇ ਥਾਣਾ ਸਾਊਥ ਦੇ ਇੰਚਾਰਜ ਵਰੁਣ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਹਾਂਵੀਰ ਨਗਰ ਵਿੱਚ ਸਾਹਿਲ ਕੁਮਾਰ ਨਾਮ ਦੇ ਨੌਜਵਾਨ ਉੱਪਰ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਅਸੀਂ ਮੌਕੇ ਤੇ ਪਹੁੰਚੇ ਹਾਂ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਪੁਲਿਸ ਅਧਿਕਾਰੀ ਨੇ ਕਿਹਾ ਕੇ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਲਿਖਾਏ ਜਾਣਗੇ ਅਤੇ ਫਿਰ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਖਮੀ ਨੌਜਵਾਨ ਦੇ ਦੋਸਤ ਨੇ ਦੱਸਿਆ ਕਿ ਉਹ ਆਪਣੇ ਦੋਸਤ ਸਾਹਿਲ ਨਾਲ ਘਰ ਦੇ ਬਾਹਰ ਬੈਠਾ ਸੀ। ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਨੌਜਵਾਨ ਆਏ ਅਤੇ ਉਸਦੇ ਦੋਸਤ 'ਤੇ ਫਾਇਰਿੰਗ ਕਰਕੇ ਫ਼ਰਾਰ ਹੋ ਗਏ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਹਿਲ ਕੁਮਾਰ ਨਾਮ ਦੇ ਨੌਜਵਾਨ ਦੇ ਚਾਰ ਤੋਂ ਪੰਜ ਗੋਲੀਆਂ ਲੱਗੀਆਂ ਹਨ। ਉਸਨੂੰ ਫਸਟ ਐਡ ਟਰੀਟਮੈਂਟ ਦਿੱਤਾ ਗਿਆ ਪਰ ਨੌਜਵਾਨ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।