Nakodar Firing: ਬੀਤੀ ਸ਼ਾਮ ਜਲੰਧਰ ਨਕੋਦਰ ਦੇ ਨੈਸ਼ਨਲ ਕਾਲਜ ਨੇੜੇ ਸਥਿਤ ਹੁੰਦਲ ਕਾਰ ਵਾਸ਼ 'ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚਸ਼ਮਦੀਦਾਂ ਮੁਤਾਬਕ ਫਾਰਚੂਨਰ ਅਤੇ ਸਵਿਫਟ ਸਵਾਰ ਕਾਰ ਵਾਸ਼ ਸੈਂਟਰ ਪੁੱਜੇ। ਉਨ੍ਹਾਂ ਨੇ ਕਾਰਾਂ ਤੋਂ ਬਾਹਰ ਨਿਕਲਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਾਰ ਵਾਸ਼ ਦਾ ਮਾਲਕ ਲੱਡੂ ਹੁੰਦਲ ਉਸ ਸਮੇਂ ਉੱਥੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਲੱਡੂ ਨੇ ਵੀ ਜਵਾਬੀ ਗੋਲੀਬਾਰੀ ਕੀਤੀ।
ਇਸ ਘਟਨਾ ਵਿੱਚ ਕਾਰ ਵਾਸ਼ 'ਤੇ ਕੰਮ ਕਰਨ ਵਾਲੇ ਜੱਗਾ ਨੂੰ ਗੋਲੀ ਲੱਗੀ। ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਚਨਾ ਮਿਲਦੇ ਹੀ ਨਕੋਦਰ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕਾਬੂ ਕੀਤਾ। ਪੁਲਿਸ ਨੇ ਮੌਕੇ ਤੋਂ ਟੋਇਟਾ ਫਾਰਚੂਨਰ ਅਤੇ ਸਵਿਫਟ ਡਿਜ਼ਾਇਰ ਗੱਡੀਆਂ ਨੂੰ ਜ਼ਬਤ ਕਰ ਲਿਆ ਹੈ।
ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਮੌਕੇ ਤੋਂ ਹਥਿਆਰ ਅਤੇ ਹੋਰ ਸਬੂਤ ਇਕੱਠੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਤੋਂ ਗੋਲੀਬਾਰੀ ਦੇ ਕਾਰਨਾਂ ਅਤੇ ਇਸ ਵਿੱਚ ਸ਼ਾਮਲ ਹੋਰ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ੰਕਰ ਬਾਈਪਾਸ ’ਤੇ ਦੋ ਧਿਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਆਪਸ ’ਚ ਲੜਾਈ ਹੋ ਗਈ।
ਇਸ ਦੌਰਾਨ ਇਕ ਫਾਰਚੂਨਰ ’ਚ ਸਵਾਰ ਕੁਝ ਵਿਅਕਤੀਆਂ ਨੇ ਦੂਜੀ ਫਾਰਚੂਨਰ ਅਤੇ ਸਵਿਫਟ ਕਾਰ ’ਚ ਸਵਾਰਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਜਿਮ ’ਚ ਕੰਮ ਕਰਨ ਵਾਲਾ ਨੌਜਵਾਨ ਬਾਹਰ ਆਇਆ, ਜਿਸ ਨੂੰ ਗੋਲੀ ਲੱਗ ਗਈ। ਇਸ ਦੌਰਾਨ ਗੱਡੀ ’ਚ ਸਵਾਰ ਇਕ ਹੋਰ ਨੌਜਵਾਨ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ।
ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਜਿਮ ’ਚ ਕੰਮ ਕਰਨ ਵਾਲੇ ਲੜਕੇ ਯੋਗਰਾਜ ਵਾਸੀ ਪਿੰਡ ਮਹਿਮੂਵਾਲ ਸ਼ਾਹਕੋਟ ਹਾਲ ਵਾਸੀ ਨਕੋਦਰ ਦੀ ਮੌਤ ਹੋ ਗਈ, ਜਦਕਿ ਦੂਸਰਾ ਜ਼ਖਮੀ ਦਿਲਪ੍ਰੀਤ ਸਿੰਘ ਵਾਸੀ ਪਿੰਡ ਕੰਗ ਸਾਹਬੂ ਇਲਾਜ ਅਧੀਨ ਹੈ। ਡੀਐੱਸਪੀ ਨੇ ਕਿਹਾ ਕਿ ਮ੍ਰਿਤਕ ਦੀ ਇਕ 4 ਸਾਲ ਦੀ ਬੱਚੀ ਹੈ, ਉਹ ਪਿਛਲੇ ਕੁਝ ਸਾਲਾਂ ਤੋਂ ਜਿਮ ਵਿਚ ਕੰਮ ਕਰ ਰਿਹਾ ਸੀ। ਆਪਣੇ ਪਰਿਵਾਰ ਨਾਲ ਜਿਮ ਵਿਚ ਰਹਿੰਦਾ ਸੀ। ਪੁਲਿਸ ਵੱਲੋਂ ਕਬਜ਼ੇ ’ਚ ਲਈ ਫਾਰਚੂਨਰ ਅਤੇ ਸਵਿਫਟ ਡਿਜ਼ਾਇਰ ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਸਨ ਤੇ ਦਰਜਨ ਦੇ ਕਰੀਬ ਗੋਲੀਆਂ ਦੇ ਨਿਸ਼ਾਨ ਸਨ।