Patiala News: ਪਟਿਆਲਾ-ਨਾਭਾ ਰੋਡ 'ਤੇ ਇੱਕ ਹੋਟਲ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਇੱਕ ਵਿਅਕਤੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ 'ਤੇ ਹਮਲਾ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਲੜਾਈ ਹੋਈ ਸੀ ਅਤੇ ਅਸੀਂ ਜ਼ਖਮੀ ਵਿਅਕਤੀ ਦੇ ਬਿਆਨ ਦਰਜ਼ ਕਰਾਂਗੇ ਅਤੇ ਜੋ ਵੀ ਲੋੜੀਂਦਾ ਕਾਰਵਾਈ ਹੋਵੇਗੀ ਉਸਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਜ਼ਖਮੀ ਸੁਖਦੇਵ ਸਿੰਘ ਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਸੁਖਦੇਵ ਸਿੰਘ 'ਤੇ ਸਵੇਰੇ 8:30 ਵਜੇ ਉਸਦੀ ਪਤਨੀ ਅਤੇ ਉਸਦੇ ਪ੍ਰੇਮੀ ਨੇ ਮਿਲ ਕੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਸੁਖਦੇਵ ਸਿੰਘ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਪਰਿਵਾਰ ਨੇ ਆਰੋਪ ਲਗਾਇਆ ਕਿ ਸੁਖਦੇਵ ਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ। ਉਸਦੀ ਦੀ ਪਤਨੀ ਨੇ ਘਰ ਆਪਣੇ ਨਾਮ 'ਤੇ ਰਜਿਸਟਰ ਕਰਵਾ ਲਿਆ ਅਤੇ ਉਹ ਅਕਸਰ ਸੁਖਦੇਵ ਨੂੰ ਧਮਕੀ ਦਿੰਦੀ ਸੀ ਕਿ ਉਹ ਉਸਨੂੰ ਮਾਰ ਦੇਵੇਗੀ।
ਸੁਖਦੇਵ ਸਿੰਘ ਦੇ ਭਰਾ ਦਾ ਕਹਿਣਾ ਹੈ ਕਿ ਉਸਦੀ ਭਰਜਾਈ ਦੇ ਕਿਸੇ ਹੋਰ ਵਿਅਕਤੀ ਨਾਲ ਸੰਬੰਧ ਹਨ ਅਤੇ ਉਹ ਅਕਸਰ ਮੇਰੇ ਭਰਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੀ ਰਹਿੰਦੀ ਸੀ। ਅੱਜ ਜਦੋਂ ਮੇਰਾ ਭਰਾ ਸੁਖਦੇਵ ਸਿੰਘ ਕੰਮ 'ਤੇ ਜਾ ਰਿਹਾ ਸੀ ਤਾ ਅਚਾਨਕ ਉਸ ਉੱਪਰ ਕੁਝ ਲੋਕਾਂ ਨੇ ਚਾਕੂਆਂ ਨਾਲ ਹਮਲਾ ਕਰ ਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਮੇਰੇ ਭਰਾ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ਼ ਲਈ ਗੁਹਾਰ ਲਗਾਈ ਹੈ।