Mansa News: ਮਾਨਸਾ ਵਿਖੇ ਕੁੱਤਿਆਂ ਦੀਆਂ ਰੇਸਾਂ ਨੂੰ ਲੈ ਕੇ ਹੋਈ ਤਕਰਾਰ ਨੇ ਖੂਨੀ ਰੂਪ ਧਾਰ ਲਿਆ ਸੀ। 23 ਜੂਨ ਨੂੰ ਹੋਈ ਲੜਾਈ ਦੌਰਾਨ ਫਿਰੋਜ਼ਪੁਰ ਵਾਸੀ ਨੌਜਵਾਨ ਸਤਿਨਾਮ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਨ੍ਹਾਂ ਦਾ ਰਿਮਾਂਡ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਪੀ ਇਨਵੈਸਟੀਗੇਸ਼ਨ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਸਤਿਨਾਮ ਸਿੰਘ ਕੁੱਤਿਆਂ ਦੀਆਂ ਰੇਸਾਂ ਲਗਾਉਣ ਵਾਲੇ ਗਰੁੱਪ ਨਾਲ ਜੁੜਿਆ ਹੋਇਆ ਸੀ। ਇਹ ਸਾਰੇ ਨੌਜਵਾਨ ਇੱਕ ਵਟਸਐਪ ਗਰੁੱਪ ਰਾਹੀਂ ਆਪਸ ਵਿੱਚ ਸੰਪਰਕ ਵਿੱਚ ਰਹਿੰਦੇ ਸਨ। ਗਰੁੱਪ ਦਾ ਐਡਮਿਨ ਮਾਨਸਾ ਜ਼ਿਲ੍ਹੇ ਦਾ ਜੈਪਾਲ ਸਿੰਘ ਸੀ।
ਇਸ ਗਰੁੱਪ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਕਾਰਨ ਜੈਪਾਲ ਨੇ ਸਤਿਨਾਮ ਨੂੰ ਗਰੁੱਪ 'ਚੋਂ ਹਟਾ ਦਿੱਤਾ। ਇਹ ਹੀ ਤਕਰਾਰ ਰੰਜਿਸ਼ ਵਿਚ ਬਦਲ ਗਈ ਅਤੇ ਅਖੀਰਕਾਰ ਮਾਨਸਾ ਤੇ ਕੈਂਚੀਆਂ ਇਲਾਕੇ 'ਚ ਹੋਈ ਝਗੜੇ ਦੌਰਾਨ ਸਤਿਨਾਮ ਸਿੰਘ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ।
ਮਾਨਸਾ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਪੁਲਿਸ ਅਨੁਸਾਰ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਪਿੱਛੇ ਦੀ ਸਾਜ਼ਿਸ਼ ਅਤੇ ਸਾਰੇ ਦੋਸ਼ੀਆਂ ਦੀ ਪਛਾਣ ਹੋ ਸਕੇ।