Ludhiana News: ਲੁਧਿਆਣਾ ਦੇ ਜਵਾਹਰ ਕੈਂਪ ਇਲਾਕੇ ਵਿੱਚ ਅੱਜ ਸਵੇਰੇ ਚੋਰੀ ਦੀ ਕੋਸ਼ਿਸ਼ ਕਰਨ ਆਏ ਦੋ ਚੋਰਾਂ ਨੂੰ ਮੁਹੱਲੇ ਦੇ ਨਿਵਾਸੀਆਂ ਵਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਹ ਚੋਰ ਇੱਕ ਘਰ ਵਿੱਚ ਚੋਰੀ ਕਰਕੇ ਫਰਾਰ ਹੋ ਗਏ ਸਨ, ਪਰ ਇਲਾਕਾ ਨਿਵਾਸੀਆਂ ਦੀ ਸਚੇਤੀ ਕਾਰਨ ਥੋੜ੍ਹੀ ਹੀ ਦੇਰ 'ਚ ਬੱਸ ਸਟੈਂਡ ਨੇੜੇ ਫੜ ਲਏ ਗਏ।
ਚੋਰਾਂ ਨੂੰ ਇਲਾਕੇ ਦੇ ਬੱਸ ਸਟੈਂਡ ਨੇੜੇ ਫੜਿਆ ਗਿਆ ਜਿੱਥੇ ਉਹ ਚੋਰੀ ਕੀਤੀ ਰਕਮ ਨੂੰ ਲੈ ਕੇ ਨਸ਼ਾ ਖਰੀਦਣ ਜਾਣ ਵਾਲੇ ਸਨ। ਇਲਾਕਾ ਨਿਵਾਸੀਆਂ ਨੇ ਦੋਵੇਂ ਨੌਜਵਾਨਾਂ ਰੱਖ ਕੇ ਪੁੱਛਗਿੱਛ ਕੀਤੀ। ਦੋਸ਼ੀਆਂ ਨੇ ਕਬੂਲਿਆ ਕਿ ਉਹ ਲੰਬੇ ਸਮੇਂ ਤੋਂ ਨਸ਼ੇ ਦੀ ਲਤ ਦਾ ਸ਼ਿਕਾਰ ਹਨ ਅਤੇ ਨਸ਼ੇ ਦੀ ਤੋੜ ਕਰਕੇ ਹੀ ਚੋਰੀ ਕੀਤੀ।
ਇਸ ਮਾਮਲੇ ਨੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹਨ ਕਿ ਸ਼ਹਿਰ ਦੇ ਇਲਾਕਿਆਂ ਵਿੱਚ ਨਸ਼ਾ ਕਿਵੇਂ ਅਤੇ ਕਿੱਥੋਂ ਉਪਲਬਧ ਹੋ ਰਿਹਾ ਹੈ? ਜੰਮੂ ਕਲੋਨੀ ਵਰਗੇ ਇਲਾਕੇ ਅਕਸਰ ਨਸ਼ਾ ਵਪਾਰ ਦੇ ਗੜ੍ਹ ਮੰਨੇ ਜਾਂਦੇ ਹਨ, ਪਰ ਇਸ ਉੱਤੇ ਲੰਬੇ ਸਮੇਂ ਤੋਂ ਕੋਈ ਠੋਸ ਕਾਰਵਾਈ ਨਹੀਂ ਹੋਈ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ “ਸਾਡਾ ਮੁਹੱਲਾ ਹੁਣ ਪਹਿਲਾਂ ਵਰਗਾ ਸੁਰੱਖਿਅਤ ਨਹੀਂ ਰਿਹਾ। ਰੋਜ਼ ਨਵੇਂ ਚਿਹਰੇ ਆਉਂਦੇ ਹਨ, ਜੋ ਰਾਤ ਦੇ ਸਮੇਂ ਘੁੰਮਦੇ ਹਨ। ਪੁਲਿਸ ਨੇ ਪੱਕਾ ਰਾਊਂਡ ਲਾਉਣਾ ਚਾਹੀਦਾ ਹੈ।”
ਪੁਲਿਸ ਨੇ ਚੋਰਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ IPC ਦੀਆਂ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਨਸ਼ਾ ਸਪਲਾਈ ਚੇਨ ਦੀ ਵੀ ਜਾਂਚ ਕੀਤੀ ਜਾਵੇਗੀ।