Zirakpur News (ਸੰਜੀਵ ਭੰਡਾਰੀ): ਜ਼ੀਰਕਪੁਰ ਦੇ ਢਕੋਲੀ ਇਲਾਕੇ ਦੇ ਹਾਰਮਿਟੇਜ ਮਾਰਕੀਟ 'ਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਦਿਨ ਦਿਹਾੜੇ ਦੋ ਲੁਟੇਰੇ ਇਕ ਜੈਵਲਰੀ ਦੀ ਦੁਕਾਨ 'ਚ ਘੁੱਸ ਕੇ ਦੁਕਾਨ ਮਾਲਕ ਨੂੰ ਬੰਧਕ ਬਣਾਕੇ ਕਰੋੜਾਂ ਰੁਪਏ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ, ਗੋਵਿੰਦ ਜੈਵਲਰਜ਼ ਨਾਂ ਦੀ ਇਸ ਦੁਕਾਨ ਦੇ ਮਾਲਕ ਗੋਵਿੰਦ ਨੇ ਦੱਸਿਆ ਕਿ ਪਹਿਲਾਂ ਦੋ ਨੌਜਵਾਨ ਗਾਹਕ ਬਣ ਕੇ ਦੁਕਾਨ ਦੇ ਅੰਦਰ ਆਏ ਅਤੇ ਸੋਨੇ ਦੀ ਚੇਨ ਦੀ ਕੀਮਤ ਪੁੱਛ ਕੇ ਚਲੇ ਗਏ। ਲਗਭਗ 45 ਮਿੰਟ ਬਾਅਦ ਦੋਵਾਂ ਮੁੜ ਆਏ ਅਤੇ ਦੁਕਾਨ 'ਚ ਦਾਖਲ ਹੁੰਦਿਆਂ ਹੀ ਗੋਵਿੰਦ ਨੂੰ ਬੰਧਕ ਬਣਾ ਲਿਆ। ਇਸ ਲੁੱਟ ਦੀ ਵਾਰਦਾਤ ਦੇ ਸਮੇਂ ਗੋਵਿੰਦ ਦੁਕਾਨ 'ਚ ਇਕੱਲੇ ਸਨ।
ਲੁਟੇਰਿਆਂ ਨੇ ਜੈਵਲਰੀ ਦੀ ਦੁਕਾਨ ਵਿਚੋਂ ਨਾ ਸਿਰਫ਼ ਸੋਨੇ-ਚਾਂਦੀ ਦੇ ਗਹਿਣੇ ਲੁੱਟੇ, ਸਗੋਂ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਨਾਲ ਲੈ ਗਏ ਤਾਂ ਜੋ ਇਸ ਲੁੱਟ ਦੀ ਵਾਰਦਾਤ ਦਾ ਕੋਈ ਸੁਰਾਗ ਨਾ ਮਿਲ ਸਕੇ।
ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਢਕੋਲੀ ਪੁਲਿਸ ਥਾਣੇ ਤੋਂ SHO ਸਿਮਰਜੀਤ ਸ਼ੇਰ ਗਿੱਲ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੀਆਂ ਟੀਮਾਂ ਦੋਸ਼ੀਆਂ ਦੀ ਭਾਲ 'ਚ ਜੁਟ ਗਈਆਂ ਹਨ।
ਇਸ ਵਾਰਦਾਤ ਨੂੰ ਲੈ ਕੇ ਸਥਾਨਕ ਦੁਕਾਨਦਾਰਾਂ ਅਤੇ ਲੋਕਾਂ 'ਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਹੈ।