Farodkot News: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਕੋਟਕਪੂਰਾ ਦੇ ਪਿੰਡ ਕੋਟਸੁਖੀਆ ਸਥਿਤ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਕਸ਼ਨੂਰ ਕੌਰ ਨੇ 650 ਵਿੱਚੋਂ 650 ਅੰਕ ਪ੍ਰਾਪਤ ਕਰਕੇ ਸੂਬਾ ਪੱਧਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ।
ਅਕਸ਼ਨੂਰ, ਜੋ ਕਿ ਪਿੰਡ ਲੰਡੇ ਦੇ ਰਹਿਣ ਵਾਲੇ ਕਿਸਾਨ ਪਰਮਜੀਤ ਸਿੰਘ ਦੀ ਧੀ ਹੈ, ਨੇ ਆਪਣੀ ਸਾਰੀ ਪੜ੍ਹਾਈ ਸੰਤ ਮੋਹਨ ਦਾਸ ਸਕੂਲ ਤੋਂ ਹੀ ਕੀਤੀ ਹੈ। ਕਾਬਿਲ-ਏ-ਗੌਰ ਗੱਲ ਇਹ ਹੈ ਕਿ ਅਕਸ਼ਨੂਰ ਨੇ ਕਿਸੇ ਵੀ ਵਿਸ਼ੇ ਵਿੱਚ ਟਿਊਸ਼ਨ ਨਹੀਂ ਲਈ ਅਤੇ ਆਪਣੀ ਲਗਨ ਅਤੇ ਮਿਹਨਤ ਸਦਕਾ ਹੀ ਇਹ ਉਪਲਬੱਧੀ ਹਾਸਲ ਕੀਤੀ। ਸੂਬਾ ਭਰ ਵਿੱਚ ਟੌਪ ਕਰਨ ਤੋਂ ਬਾਅਦ ਸਕੂਲ ਵਿੱਚ ਅਕਸ਼ਨੂਰ ਦਾ ਭਰਮਾ ਸਵਾਗਤ ਕੀਤਾ ਗਿਆ। ਸਕੂਲ ਪ੍ਰਬੰਧਕ ਰਾਜ ਥਾਪਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਉਸਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਗੱਲ ਕਰਦੇ ਹੋਏ ਅਕਸ਼ਨੂਰ ਨੇ ਕਿਹਾ ਕਿ ਉਹ ਭਵਿੱਖ ਵਿੱਚ ਆਈਏਐਸ ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸਨੇ ਆਪਣੀ ਸਫਲਤਾ ਦਾ ਸਹਿਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ।
ਸਕੂਲ ਪ੍ਰਬੰਧਕ ਰਾਜ ਥਾਪਰ ਨੇ ਦੱਸਿਆ ਕਿ ਦਸਵੀਂ ਦੇ ਨਤੀਜਿਆਂ ਵਿੱਚ ਸਕੂਲ ਦੇ 10 ਵਿਦਿਆਰਥੀਆਂ ਨੇ ਮੈਰਿਟ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ, ਸਕੂਲ ਦੀ ਹੋਰ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਵੀ 650 ਵਿੱਚੋਂ 650 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਪਰ ਉਮਰ ਦੇ ਅਧਾਰ 'ਤੇ ਅਕਸ਼ਨੂਰ ਨੂੰ ਪਹਿਲਾ ਸਥਾਨ ਮਿਲਿਆ। ਇਹ ਸਫਲਤਾ ਨਾ ਸਿਰਫ ਪਿੰਡ ਲੰਡੇ ਅਤੇ ਕੋਟਸੁਖੀਆ ਲਈ ਮਾਣ ਦੀ ਗੱਲ ਹੈ, ਸਗੋਂ ਸਾਰੇ ਪੰਜਾਬ ਲਈ ਵੀ ਪ੍ਰੇਰਣਾ ਦਾ ਸਰੋਤ ਹੈ।