Patran News(Satpal Garg): ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਗਾਤਾਰ ਸਿੱਖਿਆ ਦਾ ਪੱਧਰ ਨੂੰ ਉੱਪਰ ਚੁੱਕਣ ਨੂੰ ਲੈ ਕੇ ਲਗਾਤਾਰ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ। ਪਰ ਪੰਜਾਬ ਦੇ ਕਈ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਦੇ ਕਾਰਨ ਵਿਦਿਆਰਥੀਆਂ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਪਾਤੜਾਂ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਲੈਕਚਰਾਰ ਦੀਆਂ 6 ਪੋਸਟਾਂ ਖ਼ਾਲੀ ਪਈਆਂ ਹਨ। ਉੱਥੇ ਹੀ ਡਰਾਇੰਗ ਅਤੇ ਡੀਪੀਈ ਦੀ ਇੱਕ-ਇੱਕ ਪੋਸਟ ਖ਼ਾਲੀ ਹੋਣ ਕਾਰਨ ਇਸ ਦਾ ਖ਼ਮਿਆਜ਼ਾ ਵਿਦਿਆਰਥੀਆਂ ਨੂੰ ਝੱਲਣਾ ਪੈ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਸਿੱਖਿਆਂ ਦੇਣ ਦੇ ਕੀਤੇ ਵੱਡੇ-ਵੱਡੇ ਵਾਅਦੇ ਇਸ ਸਕੂਲ 'ਚ ਸਟਾਫ਼ ਦੀ ਘਾਟ ਤੋਂ ਪਤਾ ਲਗਾਇਆ ਜਾ ਸਕਦਾ ਹੈ। ਕਿਉਂਕਿ ਪਿਛਲੇ ਦਹਾਕੇ ਤੋਂ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਸਿੱਖਿਆ ਵਿਭਾਗ ਵੱਲੋਂ ਕੋਈ ਵੀ ਅਧਿਆਪਕ ਜਾਂ ਲੈਕਚਰਾਰ ਨਹੀਂ ਲਾਇਆ ਗਿਆ । ਲੈਕਚਰਾਰ ਦੀਆਂ 10 ਪੋਸਟਾਂ ਚੋਂ ਸਿਰਫ਼ 4 ਲੈਕਚਰਾਰ ਹੀ ਮੌਜੂਦ ਹਨ। ਜਿੰਨਾ ਵਿੱਚ ਇੰਗਲਿਸ਼ ਅਤੇ ਪੰਜਾਬੀ ਦੀਆਂ ਦੋ ਪੋਸਟਾਂ 'ਚ ਇੱਕ-ਇੱਕ ਖ਼ਾਲੀ ਹੈ। ਹਿਸਟਰੀ, ਫਿਜ਼ੀਕਲ ਐਜੂਕੇਸ਼ਨ, ਭੂਗੋਲ ਅਤੇ ਅਰਥਸ਼ਾਸਤਰ ਦੀ ਇੱਕ-ਇੱਕ ਪੋਸਟ ਹੈ ਜੋ ਖ਼ਾਲੀ ਪਈਆਂ ਹਨ।
ਇਸ ਸਕੂਲ 'ਚ ਕਰੀਬ 1000 ਵਿਦਿਆਰਥੀਆਂ ਛੇਵੀਂ ਤੋਂ ਬਾਹਰਵੀਂ ਕਲਾਸ ਤੱਕ ਸਿੱਖਿਆਂ ਲੈ ਰਹੇ ਹਨ। ਸਕੂਲ ਦੀ ਬਿਲਡਿੰਗ ਦੀ ਖਸਤਾ ਹਾਲਤ ਦੇ ਕਾਰਨ ਦੋ ਸ਼ਿਫ਼ਟਾਂ 'ਚ ਕਲਾਸਾਂ ਲੱਗਦੀਆਂ ਹਨ। ਪਹਿਲੀ ਸ਼ਿਫ਼ਟ ਸਵੇਰੇ 7 ਤੋਂ 12 ਵਜੇ ਤੱਕ ਲੱਗਦੀਆਂ ਹਨ ਅਤੇ ਦੂਸਰੀ ਸ਼ਿਫ਼ਟ ਦੁਪਹਿਰ ਸਾਢੇ 12 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਲੱਗਦੀਆਂ ਹਨ। ਸਕੂਲ ਵਿੱਚ 40 ਦੇ ਕਰੀਬ ਕਮਰੇ ਹਨ, ਜਿਸ ਵਿੱਚੋਂ 20 ਕਮਰੇ ਪੁਰਾਣੇ ਹੋਣ ਕਾਰਨ ਖਸਤਾ ਹਾਲਤ 'ਚ ਹਨ। ਸਕੂਲ 'ਚ ਸੇਵਾਦਾਰ ਦੀ ਇੱਕ ਪੋਸਟ ਹੋਣ ਦੇ ਬਾਵਜੂਦ ਉਹ ਵੀ ਖ਼ਾਲੀ ਪਈ ਹੈ। ਜਦੋਂ ਕਿ ਸਕੂਲ ਵਿੱਚ ਵਿਦਿਆਰਥੀ ਦੀ ਗਿਣਤੀ ਨੂੰ ਦੇਖਦੇ ਹੋਏ ਤਿੰਨ ਸੇਵਾਦਾਰਾ ਦੀ ਜ਼ਰੂਰਤ ਹੈ।
ਪ੍ਰਿੰਸੀਪਲ ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਸਕੂਲ ਵਿੱਚ ਵਿਦਿਆਰਥੀ ਦੀ ਸਹੂਲਤ ਲਈ ਸਾਰੀਆਂ ਕਲਾਸਾਂ ਅਤੇ ਕੈਂਪਸ ਵਿਚ ਸੀਸੀਟੀਵੀ ਕੈਮਰੇ, ਸਕਾਉਰਟੀ ਗਾਰਡ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਸਕੂਲ ਵਿੱਚ ਸਟਾਫ਼ ਦੀ ਘਾਟ ਸਬੰਧੀ ਵਿਭਾਗ ਨੂੰ ਲਿਖਤ ਪੱਤਰ ਲਿਖ ਕੇ ਜਾਣੂ ਕਰਵਾ ਦਿੱਤਾ ਹੈ। ਅਤੇ ਉਨ੍ਹਾਂ ਵੱਲੋਂ ਜਲਦ ਅਧਿਆਪਕਾਂ ਦੀ ਕਮੀਂ ਨੂੰ ਪੂਰਾ ਕੀਤੇ ਜਾਣ ਦੀ ਗੱਲ ਨੂੰ ਆਖਿਆ ਜਾ ਰਿਹਾ ਹੈ।