Punjabi University Patiala: ਪੰਜਾਬੀ ਯੂਨੀਵਰਸਿਟੀ ਵਿੱਚ ਜਾਦੂ ਟੂਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਕੁੜੀਆਂ ਦੇ ਹੋਸਟਲ ਵਿੱਚ ਟੂਣਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੋਸਟਲ ਦੀਆਂ ਵਿਦਿਆਰਥਣਾਂ ਵਿੱਚ ਸਹਿਮ ਦਾ ਮਾਹੌਲ ਪੈਂਦਾ ਹੋ ਗਿਆ। ਜਿਸ ਬਾਰੇ ਪਤਾ ਲੱਗਣ 'ਤੇ ਹੋਸਟਲ ਵਾਰਡਨ ਵੱਲੋਂ ਟੂਣੇ ਟੱਪੇ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਅਜਿਹਾ ਨਾ ਕਰਨ ਲਈ ਆਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਸਵੇਰ ਕੁੜੀਆਂ ਦੇ ਇੱਕ ਹੋਸਟਲ ਦੇ ਵਿਹੜੇ ਵਿੱਚ ਚਿੱਟੇ ਰੰਗ ਨਾਲ ਕੁਝ ਬਣਾਇਆ ਹੋਇਆ ਸੀ, ਜਿਸ ਵਿੱਚ ਨਿੰਬੂ ਵਿੱਚ ਰੱਖਿਆ ਹੋਇਆ ਸੀ। ਜਿਸ ਨੂੰ ਦੇਖ ਕੇ ਵਿਦਿਆਰਥਣਾਂ ਸਹਿਮ ਗਈਆਂ ਅਤੇ ਇਸ ਬਾਰੇ ਹੋਸਟਲ ਵਾਰਡਨ ਨੂੰ ਜਾਣਕਾਰੀ ਦਿੱਤੀ ਗਈ ਹੈ।
ਹੋਸਟਲ ਵਾਰਡਨ ਹਰਪ੍ਰੀਤ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਹੋਸਟਲ ਵਿੱਚ ਕੁਝ ਵਿਦਿਆਰਥਣਾਂ ਵਲੋਂ ਟੂਣੇ ਕੀਤੇ ਜਾਂਦੇ ਹਨ। ਜਿਸ ਕਰਕੇ ਸਾਰੀਆਂ ਵਿਦਿਆਰਥਣਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਵਿਦਿਆਰਥਣਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਵਾਰਡਨ ਵੱਲੋਂ ਸਖਤ ਤਾੜਨਾ ਕੀਤੀ ਗਈ ਹੈ ਕਿ ਹੋਸਟਲ ਅੰਦਰ ਅਜਿਹਾ ਕੋਈ ਵੀ ਟੂਣਾ ਟਾਮਨਾ ਨਾ ਕੀਤਾ ਜਾਵੇ। ਵਾਰਡਨ ਨੇ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਦੇਖਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।