Bhool Chuk Maaf OTT Release: ਭਾਰਤ ਪਾਕਿਸਤਾਨ ਤਣਾਅ ਦਾ ਅਸਰ ਹੁਣ ਫਿਲਮਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਰਾਜਕੁਮਾਰ ਰਾਓ ਅਤੇ ਵਾਮਿਕਾ ਗੱਬੀ ਦੀ ਨਵੀਂ ਹਿੰਦੀ ਫਿਲਮ "ਭੂਲ ਚੁੱਕ ਮੁਆਫ਼" ਜੋ ਕਿ 09 ਮਈ ਨੂੰ ਸਿਨਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਸੀ ਹੁਣ ਨਹੀਂ ਰਿਲੀਜ਼ ਹੋ ਰਹੀ। ਅੱਜ ਦਿੱਲੀ ਅਤੇ ਮੁੰਬਈ ਵਿੱਚ ਹੋਣ ਵਾਲੀਆਂ ਪ੍ਰੈਸ ਕਾਨਫਰੰਸਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫਿਲਮ 16 ਮਈ, 2025 ਨੂੰ ਅਮੈਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਫੈਸਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੱਧ ਰਹੀਆਂ ਤਣਾਅਪੂਰਨ ਸਥਿਤੀਆਂ ਅਤੇ ਦੇਸ਼ ਭਰ ਵਿੱਚ ਸੁਰੱਖਿਆ ਕਰਕੇ ਲਿਆ ਗਿਆ ਹੈ।
ਮੈਡਡੌਕ ਫਿਲਮਜ਼ ਅਤੇ ਅਮੈਜ਼ਾਨ ਐਮ ਜੀ ਐਮ ਸਟੂਡੀਓਜ਼ ਵੱਲੋਂ ਅੱਜ ਇੰਸਟਾਗ੍ਰਾਮ ਪੋਸਟ ਅਤੇ ਟਵੀਟ ਦੇ ਜ਼ਰੀਏ ਇਸ ਬਾਰੇ ਦੱਸਿਆ ਗਿਆ। ਉਨ੍ਹਾਂ ਨੇ ਲਿਖਿਆ "ਹਾਲੀਆ ਘਟਨਾਵਾਂ ਅਤੇ ਦੇਸ਼ ਭਰ ਵਿੱਚ ਵੱਧ ਰਹੀਆਂ ਸੁਰੱਖਿਆ ਕਾਰਵਾਈਆਂ ਦੇ ਮੱਦੇਨਜ਼ਰ, ਅਸੀਂ ਆਪਣੀ ਪਰਿਵਾਰਕ ਅਤੇ ਮਨੋਰੰਜਨ ਨਾਲ ਭਰਪੂਰ ਫਿਲਮ "ਭੂਲ ਚੁੱਕ ਮੁਆਫ਼" ਨੂੰ 16 ਮਈ ਨੂੰ ਸਿੱਧਾ ਤੁਹਾਡੇ ਘਰਾਂ ਤੱਕ ਸਿਰਫ਼ ਪ੍ਰਾਈਮ ਵੀਡੀਓ 'ਤੇ, ਦੇਸ਼ ਭਰ ਵਿੱਚ ਲੈ ਕੇ ਆ ਰਹੇ ਹਾਂ "
ਫਿਲਮ ਬਾਰੇ
ਇਹ ਫਿਲਮ ਵਾਰਾਣਸੀ ਦੀ ਗਲੀਆਂ ਵਿੱਚ ਸ਼ੂਟ ਕੀਤੀ ਗਈ ਹੈ। ਫਿਲਮ ਵਿੱਚ ਰੰਜਨ (ਰਾਜਕੁਮਾਰ ਰਾਓ) ਦੀ ਕਹਾਣੀ ਦਿਖਾਈ ਗਈ ਹੈ, ਜੋ ਇੱਕ ਸਰਕਾਰੀ ਨੌਕਰੀ ਕਰਦਾ ਹੈ ਅਤੇ ਆਪਣੀ ਪ੍ਰੇਮਿਕਾ ਤਿਤਲੀ (ਵਾਮਿਕਾ ਗੱਬੀ) ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਪਰ ਵਿਆਹ ਤੋਂ ਥੋੜ੍ਹੀ ਦੇਰ ਪਹਿਲਾਂ ਉਹ ਆਪਣੇ ਹਲਦੀ ਵਾਲੇ ਦਿਨ ਵਿੱਚ ਹੀ ਫਸ ਜਾਂਦਾ ਹੈ, ਜੋ ਹਰ ਰੋਜ਼ ਬਾਰ-ਬਾਰ ਹੁੰਦਾ ਰਹਿੰਦਾ ਹੈ।
ਕਾਸਟ
ਫਿਲਮ ਵਿੱਚ ਰਾਜਕੁਮਾਰ ਰਾਓ, ਵਾਮਿਕਾ ਗੱਬੀ ਤੋਂ ਇਲਾਵਾ ਸੀਮਾ ਪਾਹਵਾ, ਸੰਜੈ ਮਿਸ਼ਰਾ, ਰਘੁਬੀਰ ਯਾਦਵ ਅਤੇ ਜ਼ਾਕਿਰ ਹੁਸੈਨ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਕਰਨ ਸ਼ਰਮਾ ਨੇ ਨਿਰਦੇਸ਼ ਕੀਤੀ ਹੈ ਅਤੇ ਇਹ ਮੈਡੌਕ ਫਿਲਮਜ਼ ਅਤੇ ਅਮੈਜ਼ਾਨ ਐਮ ਜੀ ਐਮ ਸਟੂਡੀਓਜ਼ ਦੁਆਰਾ ਪ੍ਰਸਤੁਤ ਕੀਤੀ ਗਈ ਹੈ। ਇਸ ਫਿਲਮ ਵਿੱਚ ਰਾਜਕੁਮਾਰ ਰਾਓ ਅਤੇ ਵਾਮਿਕਾ ਗੱਬੀ ਪਹਿਲੀ ਵਾਰ ਇੱਕਠੇ ਕੰਮ ਕਰ ਰਹੇ ਹਨ। ਇਹ ਫਿਲਮ ਰੋਮਾਂਸ, ਹਾਸੇ ਅਤੇ ਫੈਂਟਸੀ ਦਾ ਸੁੰਦਰ ਮਿਲਾਪ ਹੈ।