Abhinav Shukla Threats: ਰੁਬੀਨਾ ਦਿਲਾਇਕ ਦੇ ਪਤੀ ਟੀਵੀ ਅਦਾਕਾਰ ਅਭਿਨਵ ਸ਼ੁਕਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੀ ਪਛਾਣ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਵਜੋਂ ਕੀਤੀ ਅਤੇ ਅਭਿਨਵ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ। ਇਹ ਧਮਕੀ ਅਭਿਨਵ ਵੱਲੋਂ ਰਿਐਲਿਟੀ ਸ਼ੋਅ 'ਬੈਟਲਗਰਾਊਂਡ' ਵਿੱਚ ਬਿੱਗ ਬੌਸ 13 ਦੇ ਪ੍ਰਤੀਯੋਗੀ ਅਤੇ ਰੈਪਰ ਅਸੀਮ ਰਿਆਜ਼ 'ਤੇ ਹਾਲ ਹੀ ਵਿੱਚ ਕੀਤੀਆਂ ਟਿੱਪਣੀਆਂ ਤੋਂ ਬਾਅਦ ਆਈ ਹੈ।
ਅਦਾਕਾਰ ਨੇ ਸਕ੍ਰੀਨਸ਼ਾਟ ਕੀਤਾ ਸਾਂਝਾ
ਅਭਿਨਵ ਨੇ ਐਕਸ ਅਕਾਊਂਟ 'ਤੇ ਮਿਲੇ ਧਮਕੀ ਭਰੇ ਸੁਨੇਹੇ ਦਾ ਸਕ੍ਰੀਨਸ਼ਾਟ ਸਾਂਝਾ ਕੀਤੇ। ਇਹ ਸੁਨੇਹਾ ਅੰਕੁਸ਼ ਗੁਪਤਾ ਨਾਮ ਦੇ ਇੱਕ ਯੂਜ਼ਰ ਦੁਆਰਾ ਭੇਜਿਆ ਗਿਆ ਸੀ। ਇਸ ਸੁਨੇਹੇ ਵਿੱਚ ਗਾਲੀ-ਗਲੋਚ ਸੀ ਅਤੇ 2024 ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦਾ ਜ਼ਿਕਰ ਕੀਤਾ ਗਿਆ ਸੀ। ਸੁਨੇਹੇ ਵਿੱਚ ਕਿਹਾ ਗਿਆ ਸੀ, "ਮੈਂ ਲਾਰੈਂਸ ਬਿਸ਼ਨੋਈ ਗੈਂਗ ਤੋਂ ਹਾਂ। ਮੈਨੂੰ ਤੁਹਾਡਾ ਪਤਾ ਹੈ। ਜਿਵੇਂ ਮੈਂ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕੀਤੀ ਸੀ, ਮੈਂ ਤੁਹਾਡੇ ਘਰ ਆਵਾਂਗਾ ਅਤੇ ਤੁਹਾਨੂੰ AK-47 ਨਾਲ ਗੋਲੀ ਮਾਰ ਦਿਆਂਗਾ।"
ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੋਣ ਦਾ ਕੀਤਾ ਦਾਅਵਾ
ਇਸ ਤੋਂ ਵੀ ਡਰਾਉਣੀ ਗੱਲ ਇਹ ਸੀ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਅਭਿਨਵ ਦੇ ਪਰਿਵਾਰ ਅਤੇ ਉਸਦੇ ਗਾਰਡਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਵੀ ਕੀਤੀ। ਉਸਨੇ ਦਾਅਵਾ ਕੀਤਾ ਕਿ ਉਸਨੂੰ ਅਭਿਨਵ ਦੇ ਰੋਜ਼ਾਨਾ ਦੇ ਕੰਮਕਾਜ ਦਾ ਪੂਰਾ ਗਿਆਨ ਹੈ। ਸੁਨੇਹੇ ਵਿੱਚ ਅੱਗੇ ਲਿਖਿਆ ਸੀ, "ਇਹ ਤੁਹਾਡਾ ਆਖਰੀ ਮੌਕਾ ਹੈ। ਆਸਿਮ ਬਾਰੇ ਕੁਝ ਵੀ ਕਹਿਣ ਤੋਂ ਪਹਿਲਾਂ, ਤੁਹਾਡਾ ਨਾਮ ਸੂਚੀ ਵਿੱਚ ਹੋਵੇਗਾ। ਲਾਰੈਂਸ ਬਿਸ਼ਨੋਈ ਆਸਿਮ ਦੇ ਨਾਲ ਹੈ।"
ਅਦਾਕਾਰ ਨੇ ਪੁਲਿਸ ਤੋਂ ਮਦਦ ਮੰਗੀ
ਅਭਿਨਵ ਨੇ ਧਮਕੀ ਦੇਣ ਵਾਲੇ ਵਿਅਕਤੀ ਦੇ ਇੰਸਟਾਗ੍ਰਾਮ ਪ੍ਰੋਫਾਈਲ ਦੀ ਇੱਕ ਸਕ੍ਰੀਨ ਰਿਕਾਰਡ ਕੀਤੀ ਵੀਡੀਓ ਵੀ ਸਾਂਝੀ ਕੀਤੀ, ਜਿਸ ਤੋਂ ਪਤਾ ਚੱਲਿਆ ਕਿ ਉਹ ਵਿਅਕਤੀ ਚੰਡੀਗੜ੍ਹ ਦਾ ਨਿਵਾਸੀ ਹੋ ਸਕਦਾ ਹੈ। ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੂੰ ਟੈਗ ਕਰਦੇ ਹੋਏ, ਉਸਨੇ ਲਿਖਿਆ, "ਮੇਰੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ। ਇਹ ਵਿਅਕਤੀ ਚੰਡੀਗੜ੍ਹ/ਮੋਹਾਲੀ ਦਾ ਰਹਿਣ ਵਾਲਾ ਜਾਪਦਾ ਹੈ। ਕਿਰਪਾ ਕਰਕੇ ਤੁਰੰਤ ਅਤੇ ਸਖ਼ਤ ਕਾਰਵਾਈ ਕਰੋ। ਜੋ ਵੀ ਇਸ ਵਿਅਕਤੀ ਨੂੰ ਪਛਾਣਦਾ ਹੈ, ਕਿਰਪਾ ਕਰਕੇ ਪੁਲਿਸ ਨੂੰ ਸੂਚਿਤ ਕਰੋ।"