Balochistan Attack: ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਦੇ ਨੌਸ਼ਕੀ ਵਿੱਚ ਸੁਰੱਖਿਆ ਬਲਾਂ ਨੂੰ ਲਿਜਾ ਰਹੀ ਇੱਕ ਬੱਸ ਵਿੱਚ ਧਮਾਕਾ ਹੋਇਆ। ਹਮਲੇ 'ਚ ਫ਼ੌਜ ਦੇ 5 ਅਧਿਕਾਰੀਆਂ ਦੀ ਜਾਨ ਚਲੀ ਗਈ। ਜਦਕਿ ਫੌਜ ਦੇ 12 ਜਵਾਨ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਬਲੋਚ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬਲੋਚਿਸਤਾਨ ਸਰਕਾਰ ਨੇ ਹਮਲੇ ਦੀ ਨਿੰਦਾ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਦੀਆਂ ਬੱਸਾਂ ਸੁਰੱਖਿਆ ਬਲਾਂ ਨੂੰ ਲੈ ਕੇ ਜਾ ਰਹੀਆਂ ਸਨ। ਸਥਾਨਕ ਪੁਲਿਸ ਮੁਖੀ ਜ਼ਫਰ ਜ਼ਮਾਨਾਨੀ ਨੇ ਦੱਸਿਆ ਕਿ ਬਲੋਚਿਸਤਾਨ ਦੇ ਨੌਸ਼ਕੀ ਜ਼ਿਲ੍ਹੇ ਵਿੱਚ ਨੌਸ਼ਕੀ-ਦਾਲਬੰਦੀਨ ਹਾਈਵੇਅ 'ਤੇ ਇੱਕ ਬੱਸ ਦੇ ਨੇੜੇ ਸੜਕ ਕਿਨਾਰੇ ਬੰਬ ਧਮਾਕਾ ਹੋਇਆ। ਇਸ ਧਮਾਕੇ ਨਾਲ ਨੇੜੇ ਦੀ ਇਕ ਹੋਰ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਮ੍ਰਿਤਕਾਂ ਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ।
ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਹਮਲੇ ਦੀ ਨਿੰਦਾ ਕੀਤੀ ਹੈ। ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਕਿਹਾ ਕਿ ਬੇਕਸੂਰ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਇੱਕ ਜ਼ਾਲਮ ਕਾਰਵਾਈ ਹੈ। ਰਿੰਦ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਰਿੰਦ ਨੇ ਕਿਹਾ ਕਿ ਦੁਸ਼ਮਣ ਤੱਤ ਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਹਿਸ਼ਤ ਰਾਹੀਂ ਲੋਕਾਂ ਦਾ ਮਨੋਬਲ ਨਹੀਂ ਘਟਾਇਆ ਜਾ ਸਕਦਾ। ਅਸੀਂ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ ਬਲੋਚ ਲਿਬਰੇਸ਼ਨ ਆਰਮੀ ਨੇ ਕੀਤਾ ਹੈ।
ਟਰੇਨ ਨੂੰ ਹਾਈਜੈਕ ਕੀਤਾ ਸੀ
ਮੰਗਲਵਾਰ ਨੂੰ ਕਵੇਟਾ ਤੋਂ ਪੇਸ਼ਾਵਰ ਲਈ ਰਵਾਨਾ ਹੋਈ ਜ਼ਫਰ ਐਕਸਪ੍ਰੈਸ ਨੂੰ ਗੁਡਲਰ ਅਤੇ ਪੀਰੂ ਕੁਨਰੀ ਦੇ ਪਹਾੜੀ ਖੇਤਰਾਂ ਦੇ ਨੇੜੇ ਇੱਕ ਸੁਰੰਗ ਵਿੱਚ ਬਾਗੀਆਂ ਨੇ ਹਾਈਜੈਕ ਕਰ ਲਿਆ ਸੀ। ਬਾਗੀਆਂ ਨੇ ਰੇਲਗੱਡੀ ਦੇ ਰੁਕਦੇ ਹੀ ਪਟੜੀਆਂ ਨੂੰ ਉਡਾ ਦਿੱਤਾ ਅਤੇ ਉਸ 'ਤੇ ਕਬਜ਼ਾ ਕਰ ਲਿਆ।
ਨੌਂ ਡੱਬਿਆਂ ਵਾਲੀ ਇਸ ਟਰੇਨ ਵਿੱਚ 400 ਤੋਂ ਵੱਧ ਯਾਤਰੀ ਸਵਾਰ ਸਨ। ਬੀਐਲਏ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ 214 ਯਾਤਰੀਆਂ ਨੂੰ ਬੰਧਕ ਬਣਾਉਣ ਦਾ ਦਾਅਵਾ ਕੀਤਾ ਹੈ। ਜਦੋਂ ਬਾਗੀਆਂ ਨੇ ਟਰੇਨ 'ਤੇ ਹਮਲਾ ਕੀਤਾ ਤਾਂ 21 ਯਾਤਰੀ ਮਾਰੇ ਗਏ ਸਨ। ਜਵਾਬ ਵਿੱਚ ਸੁਰੱਖਿਆ ਬਲਾਂ ਨੇ ਇੱਕ ਅਭਿਆਨ ਚਲਾਇਆ ਅਤੇ ਸਾਰੇ 33 ਹਮਲਾਵਰਾਂ ਨੂੰ ਮਾਰ ਦਿੱਤਾ।