Pakistan Train Hijack: ਪਾਕਿਸਤਾਨ ਦੇ ਬਲੋਚਿਸਤਾਨ 'ਚ ਹਾਈਜੈਕ ਕੀਤੀ ਗਈ ਰੇਲਗੱਡੀ 'ਚ ਬੰਧਕ ਬਣਾਏ 100 ਤੋਂ ਵੱਧ ਲੋਕਾਂ ਦੀਆਂ ਜਾਨਾਂ ਅਜੇ ਵੀ ਬੰਦੀ 'ਚ ਹਨ। ਟਰੇਨ ਨੂੰ ਹਾਈਜੈਕ ਕੀਤੇ 24 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਬੰਧਕ ਬਣਾਏ ਗਏ ਲੋਕਾਂ ਨੂੰ ਛੁਡਾਉਣ ਲਈ ਪਾਕਿਸਤਾਨ ਸੁਰੱਖਿਆ ਬਲ ਦੇ ਜਵਾਨਾਂ ਦਾ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ। ਇਸ ਦੌਰਾਨ ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਬਚਾਅ ਮੁਹਿੰਮ 'ਚ ਹੁਣ ਤੱਕ ਮਿਲੀ ਸਫਲਤਾ ਦੀ ਜਾਣਕਾਰੀ ਦਿੱਤੀ ਹੈ। ਸ਼ਾਹਿਦ ਰਿੰਦ ਮੁਤਾਬਕ ਹੁਣ ਤੱਕ 80 ਬੰਧਕਾਂ ਨੂੰ ਛੁਡਵਾਇਆ ਜਾ ਚੁੱਕਾ ਹੈ ਪਰ ਮੀਡੀਆ ਰਿਪੋਰਟਾਂ ਵਿੱਚ 104 ਬੰਧਕਾਂ ਦੀ ਰਿਹਾਈ ਦਾ ਖੁਲਾਸਾ ਹੋਇਆ ਹੈ।
ਹਾਈਜੈਕ ਹੋਈ ਟਰੇਨ 'ਚੋਂ 80 ਯਾਤਰੀਆਂ ਨੂੰ ਬਚਾਇਆ ਗਿਆ
ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਕਿਹਾ, "ਸੁਰੱਖਿਆ ਬਲਾਂ ਨੇ ਇੱਕ ਬੋਗੀ ਤੋਂ 80 ਯਾਤਰੀਆਂ ਨੂੰ ਬਚਾਇਆ ਹੈ। ਇਸ ਵਿੱਚ 43 ਪੁਰਸ਼, 26 ਔਰਤਾਂ ਅਤੇ 11 ਬੱਚੇ ਸ਼ਾਮਲ ਹਨ। 13 ਅੱਤਵਾਦੀ ਮਾਰੇ ਗਏ ਹਨ।" ਇਸ ਤੋਂ ਪਹਿਲਾਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਵੱਲੋਂ 30 ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਵਿਰੁੱਧ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਰੇ ਯਾਤਰੀਆਂ ਨੂੰ ਰੇਲਗੱਡੀ ਤੋਂ ਬਾਹਰ ਨਹੀਂ ਕੱਢ ਦਿੱਤਾ ਜਾਂਦਾ। ਦੱਸਿਆ ਜਾ ਰਿਹਾ ਹੈ ਕਿ ਹੋਰ ਅੱਤਵਾਦੀ ਕੁਝ ਯਾਤਰੀਆਂ ਨੂੰ ਪਹਾੜੀ ਇਲਾਕਿਆਂ ਵਿੱਚ ਲੈ ਗਏ ਸਨ ਅਤੇ ਸੁਰੱਖਿਆ ਬਲਾਂ ਨੇ ਹਨੇਰੇ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ। ਸੂਤਰ ਨੇ ਦੱਸਿਆ ਕਿ ਬਚਾਏ ਗਏ ਯਾਤਰੀਆਂ ਵਿੱਚ 58 ਪੁਰਸ਼, 31 ਔਰਤਾਂ ਅਤੇ 15 ਬੱਚੇ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਇੱਕ ਹੋਰ ਰੇਲਗੱਡੀ ਰਾਹੀਂ ਮਾਖ (ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕੱਛੀ ਜ਼ਿਲ੍ਹੇ ਦਾ ਇੱਕ ਕਸਬਾ) ਭੇਜਿਆ ਗਿਆ।
ਜਾਫਰ ਐਕਸਪ੍ਰੈਸ ਵਿੱਚ 500 ਯਾਤਰੀ ਸਵਾਰ ਸਨ, ਜਿਸ ਦੇ 9 ਡੱਬੇ ਹਾਈਜੈਕ ਕੀਤੇ
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਜਾਫਰ ਐਕਸਪ੍ਰੈਸ ਨੂੰ ਬਲੋਚ ਲਿਬਰੇਸ਼ਨ ਆਰਮੀ ਨੇ ਹਾਈਜੈਕ ਕਰ ਲਿਆ ਸੀ। ਨੌਂ ਡੱਬਿਆਂ ਵਾਲੀ ਇਸ ਟਰੇਨ ਵਿੱਚ ਕਰੀਬ 500 ਯਾਤਰੀ ਸਵਾਰ ਸਨ। ਜਾਫਰ ਐਕਸਪ੍ਰੈਸ ਖੈਬਰ ਪਖਤੂਨਖਵਾ ਦੇ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਸੀ ਜਦੋਂ ਮੰਗਲਵਾਰ ਸਵੇਰੇ ਗੁਡਾਲਰ ਅਤੇ ਪੀਰੂ ਕੋਨੇਰੀ ਖੇਤਰਾਂ ਦੇ ਵਿਚਕਾਰ ਇਸ 'ਤੇ ਗੋਲੀਬਾਰੀ ਕੀਤੀ ਗਈ।
ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਦੱਸਿਆ ਕਿ ਕਰੀਬ 400 ਯਾਤਰੀ ਅਜੇ ਵੀ ਟਰੇਨ 'ਚ ਹਨ, ਜੋ ਕਿ ਸੁਰੰਗ ਦੇ ਅੰਦਰ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਰਿੰਦ ਨੇ ਕਿਹਾ ਕਿ ਪੇਸ਼ਾਵਰ ਜਾ ਰਹੀ ਇੱਕ ਯਾਤਰੀ ਰੇਲਗੱਡੀ 'ਤੇ "ਭਿਆਨਕ" ਗੋਲੀਬਾਰੀ ਦੀਆਂ ਰਿਪੋਰਟਾਂ ਦੇ ਵਿਚਕਾਰ ਬਚਾਅ ਟੀਮਾਂ ਨੂੰ ਮੌਕੇ 'ਤੇ ਰਵਾਨਾ ਕਰ ਦਿੱਤਾ ਗਿਆ ਹੈ।