Home >>Zee PHH NRI

ਕੈਨੇਡਾ ਦੇ ਇੱਕ ਸ਼ਰਧਾਲੂ ਨੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਲਈ ਸੁਨਹਿਰੀ ਕਿਸ਼ਤੀ ਭੇਟ

Sri Darbar Sahib Golden Boat: ਬੇੜੀ 'ਤੇ ਧਾਤ ਦੀ ਵਰਤੋਂ ਲਈ ਵਿਗਿਆਨਿਕ ਸਿਧਾਂਤ ਮੁਤਾਬਕ ਪਾਲਣਾ ਕੀਤੀ ਗਈ ਹੈ ਤਾਂ ਜੋ ਇਸ ਦਾ ਪਾਣੀ ਵਿੱਚ ਸੰਤੁਲਨ ਬਣਿਆ ਰਹੇ। ਇਸ ’ਤੇ ਲਗਪਗ 200 ਕਿੱਲੋ ਪਿੱਤਲ ਦੀਆਂ ਚਾਦਰਾਂ ਦੀ ਵਰਤੋਂ ਕੀਤੀ ਗਈ ਹੈ।

Advertisement
ਕੈਨੇਡਾ ਦੇ ਇੱਕ ਸ਼ਰਧਾਲੂ ਨੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਲਈ ਸੁਨਹਿਰੀ ਕਿਸ਼ਤੀ ਭੇਟ
Manpreet Singh|Updated: Jan 31, 2025, 01:20 PM IST
Share

Sri Darbar Sahib Golden Boat: ਕੈਨੇਡਾ ਵਾਸੀ ਸ਼ਰਧਾਲੂ ਪਰਿਵਾਰ ਵੱਲੋਂ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਸਾਫ ਸਫਾਈ ਲਈ ਸੁਨਹਿਰੀ ਕਿਸ਼ਤੀ ਗੁਰੂ ਘਰ ਨੂੰ ਭੇਟ ਕੀਤੀ ਗਈ ਹੈ, ਜੋ ਇਸ ਵੇਲੇ ਇੱਥੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸ਼ਰਧਾਲੂ ਪਰਿਵਾਰ ਗੁਰਜੀਤ ਸਿੰਘ, ਉਸ ਦੇ ਭਰਾ ਮਨਦੀਪ ਸਿੰਘ ਤੇ ਮਾਤਾ ਮਲਕੀਤ ਕੌਰ ਖਾਲਸਾ ਵੱਲੋਂ ਇਹ ਕਿਸ਼ਤੀ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਵਸ ਮੌਕੇ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ।

ਜ਼ਿਕਰਯੋਗ ਹੈ ਕਿ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਡਿੱਗੀਆਂ ਫੁੱਲ ਪੱਤੀਆਂ ਆਦਿ ਦੀ ਸਾਫ ਸਫਾਈ ਲਈ ਪਹਿਲਾਂ ਵੀ ਸੇਵਾਦਾਰ ਵੱਲੋਂ ਕਿਸ਼ਤੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਰਾਹੀਂ ਉਹ ਜਾਲੀ ਦੀ ਵਰਤੋਂ ਕਰਕੇ ਅਜਿਹੀਆਂ ਫੁੱਲ ਪੱਤੀਆਂ ਨੂੰ ਬਾਹਰ ਕੱਢਦੇ ਹਨ ਅਤੇ ਸਰੋਵਰ ਨੂੰ ਸਾਫ ਸੁਥਰਾ ਰੱਖਣ ਦਾ ਯਤਨ ਕਰਦੇ ਹਨ। ਹੁਣ ਇਸ ਦੀ ਥਾਂ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਸੁਨਹਿਰੀ ਕਿਸ਼ਤੀ ਤੈਰਦੀ ਨਜ਼ਰ ਆ ਰਹੀ ਹੈ।

ਮਨਦੀਪ ਸਿੰਘ ਨੇ ਦੱਸਿਆ ਕਿ ਬੇੜੀ 'ਤੇ ਧਾਤ ਦੀ ਵਰਤੋਂ ਲਈ ਵਿਗਿਆਨਿਕ ਸਿਧਾਂਤ ਮੁਤਾਬਕ ਪਾਲਣਾ ਕੀਤੀ ਗਈ ਹੈ ਤਾਂ ਜੋ ਇਸ ਦਾ ਪਾਣੀ ਵਿੱਚ ਸੰਤੁਲਨ ਬਣਿਆ ਰਹੇ। ਇਸ ’ਤੇ ਲਗਪਗ 200 ਕਿੱਲੋ ਪਿੱਤਲ ਦੀਆਂ ਚਾਦਰਾਂ ਦੀ ਵਰਤੋਂ ਕੀਤੀ ਗਈ ਹੈ। ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਗੁਰੂ ਘਰ ਨਤਮਸਤਕ ਹੋਣ ਆਉਂਦੇ ਸ਼ਰਧਾਲੂਆਂ ਦੀ ਸ਼ਰਧਾ ਦੀ ਕੋਈ ਥਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਪਰਿਵਾਰ ਨੇ ਗੁਰੂ ਘਰ ਲਈ ਸੁਨਹਿਰੇ ਰੰਗ ਦੀ ਬੇੜੀ ਭੇਟ ਕੀਤੀ ਹੈ।

ਅੰਮ੍ਰਿਤਸਰ ਦੇ ਪਿਓ ਪੁੱਤਰ ਦੀ ਜੋੜੀ ਨੇ ਬਣਾਈ ਕਿਸ਼ਤੀ

ਗੁਰੂ ਘਰ ਨਤਮਸਤਕ ਹੋਣ ਆਉਂਦੇ ਕੈਨੇਡਾ ਵਾਸੀ ਸ਼ਰਧਾਲੂ ਗੁਰਜੀਤ ਸਿੰਘ ਦੇ ਮਨ ਵਿੱਚ ਸਰੋਵਰ ਲਈ ਸੁਨਹਿਰੀ ਕਿਸ਼ਤੀ ਭੇਟ ਕਰਨ ਦਾ ਵਿਚਾਰ ਆਇਆ ਸੀ ,ਜਿਸ ਨੂੰ ਅੰਮ੍ਰਿਤਸਰ ਦੇ ਗੁਰਸਿੱਖ ਕਾਰੀਗਰ ਪਿਓ ਪੁੱਤਰ ਦੀ ਜੋੜੀ ਨੇ ਹਕੀਕਤ ਵਿੱਚ ਬਦਲਿਆ। ਸੁਨਹਿਰੀ ਰੰਗਤ ਵਾਲੀ ਲੱਕੜ ਦੀ ਬਣੀ ਇਸ ਕਿਸ਼ਤੀ ਦੇ ਉੱਪਰ ਪਿੱਤਲ ਦੀਆਂ ਚਾਦਰਾਂ ਨੂੰ ਫਿਟ ਕੀਤਾ ਗਿਆ ਹੈ ਅਤੇ ਇਸ ਨੂੰ ਸੁਨਹਿਰੀ ਕਿਸ਼ਤੀ ਦੀ ਦਿੱਖ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਗੁਰੂ ਘਰ ਮੱਥਾ ਟੇਕਣ ਆਉਂਦੇ ਤਾਂ ਇੱਥੇ ਗੁਰੂਘਰ ਦੀ ਇਮਾਰਤ ’ਤੇ ਲੱਗੇ ਸੋਨੇ ਦੀ ਸੁਨਹਿਰੀ ਚਮਕ ਅਤੇ ਹਰ ਪਾਸੇ ਸੁਨਹਿਰੀ ਰੰਗ ਦੇਖਦੇ। ਇਸੇ ਨੂੰ ਦੇਖ ਕੇ ਉਨ੍ਹਾਂ ਦੇ ਮਨ ਵਿੱਚ ਸਰੋਵਰ ਵਿੱਚ ਚੱਲ ਰਹੀ ਲੱਕੜ ਦੀ ਬੇੜੀ ਦੀ ਥਾਂ ਸੁਨਹਿਰੀ ਬੇੜੀ ਭੇਟ ਕਰਨ ਦਾ ਵਿਚਾਰ ਆਇਆ ਸੀ। ਜੋ ਇਥੋਂ ਦੀ ਸਮੁੱਚੀ ਦਿਖ ਨਾਲ ਮੇਲ ਖਾਂਦੀ ਹੋਵੇ।

Read More
{}{}