Faridkot News (ਨਰੇਸ਼ ਸੇਠੀ): ਫਰੀਦਕੋਟ ਵਿਖੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੇ ਅਹੁਦਿਆਂ ਦੀ ਚੋਣ ਕਰਨ ਲਈ ਮੀਟਿੰਗ ਨੂੰ ਪ੍ਰਸ਼ਾਸਨ ਨੇ ਅਣਮਿਥੇ ਸਮੇਂ ਲਈ ਮੁਲਤਵੀ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਸਵੇਰੇ 11 ਵਜੇ ਨਗਰ ਕੌਂਸਲ ਵਿਖੇ ਦੋਹਾਂ ਅਹੁਦਿਆਂ ਦੀ ਚੋਣ ਕਰਨ ਲਈ ਮੀਟਿੰਗ ਬੁਲਾਈ ਗਈ ਸੀ। ਇਸ ਮੌਕੇ ਤੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ ਸਮੇਤ 16 ਐਮਸੀ ਵੀ ਹਾਜ਼ਰ ਸਨ, ਜਦਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਐਮਸੀ ਅਤੇ ਉਹਨਾਂ ਦੇ ਸਮਰਥਕ ਮੀਟਿੰਗ ਵਿੱਚ ਪੁੱਜੇ ਹੀ ਨਹੀਂ। ਬਾਅਦ ਵਿੱਚ ਪ੍ਰਸ਼ਾਸਨ ਨੇ ਇਸ ਮੀਟਿੰਗ ਨੂੰ ਅਣਮਿਥੇ ਸਮੇਂ ਤੱਕ ਮੁਲਤਵੀ ਕਰ ਦਿੱਤਾ ਹੈ।
ਜਾਣਕਾਰੀ ਦੇ ਮੁਤਾਬਕ ਪਿਛਲੇ ਚਾਰ ਸਾਲਾਂ ਤੋਂ ਹੀ ਇਹਨਾਂ ਦੋਹਾਂ ਅਹੁਦਿਆਂ ਲਈ ਚੋਣ ਨਹੀਂ ਹੋ ਰਹੀ ਸੀ ਅਤੇ ਹੁਣ ਪ੍ਰਸ਼ਾਸਨ ਵੱਲੋਂ ਚੋਣ ਕਰਾਉਣ ਵਾਸਤੇ ਮੀਟਿੰਗ ਰਖਵਾਈ ਗਈ ਸੀ। 25 ਮੈਬਰਾਂ ਵਾਲੀ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਕੋਲ ਬਹੁਮਤ ਹੈ। ਸੰਭਾਵਨਾ ਜਤਾਈ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਜੋੜ ਤੋੜ ਦੇ ਰਾਹੀ ਦੋਹਾਂ ਅਹੁਦੇ ਤੇ ਆਪਣੇ ਆਗੂਆਂ ਨੂੰ ਬਿਠਾਇਆ ਜਾ ਸਕਦਾ ਹੈ, ਪਰ ਫ਼ਿਲਹਾਲ ਉਹਨਾਂ ਦੀ ਕੋਸ਼ਿਸ਼ ਸਫਲ ਹੁੰਦੀ ਦਿਖਾਈ ਨਹੀਂ ਦਿੱਤੀ। ਗੌਰਤਲਬ ਹੈ ਕੇ ਨਗਰ ਕੌਂਸਲ ਦੇ ਵਿਧਾਇਕ ਸਮੇਤ 26 ਮੈਂਬਰ ਹਨ ਜਿਨ੍ਹਾਂ ਵਿੱਚੋਂ 16 ਮੈਂਬਰਾਂ ਨਾਲ ਬਹੁਮਤ ਕਾਂਗਰਸ ਪਾਰਟੀ ਦੇ ਕੋਲ ਹੈ। ਜਦਕਿ ਆਕਾਲੀ ਦਲ ਕੋਲ 6 ਅਤੇ ਆਮ ਆਦਮੀ ਪਾਰਟੀ ਦੇ 2 ਮੈਂਬਰ ਅਤੇ ਇੱਕ ਵਿਧਾਇਕ ਤੋਂ ਇਲਾਵਾ ਇਕ ਆਜ਼ਾਦ ਮੈਂਬਰ ਵੀ ਹੈ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ ਅਤੇ ਕਾਂਗਰਸ ਪਾਰਟੀ ਦੇ ਐੱਮਸੀ ਡਾ. ਜੰਗੀਰ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਦੋਹਾਂ ਅਹੁਦਿਆਂ ਦੀ ਚੋਣ ਲਈ ਤਿਆਰੀ ਸੀ, ਲੇਕਿਨ ਪ੍ਰਸ਼ਾਸਨ ਨੇ ਇਸ ਚੋਣ ਨੂੰ ਫਿਲਹਾਲ ਮੁਲਤਵੀ ਕਰ ਦਿੱਤੀ ਹੈ। ਮੀਟਿੰਗ ਤੋਂ ਪਹਿਲਾਂ ਕਾਂਗਰਸ ਦੇ ਸਾਰੇ ਨਗਰ ਕੌਂਸਲਰ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਦੇ ਘਰ ਇਕੱਤਰ ਹੋਏ ਸਨ ਜਿੱਥੇ ਕਿ ਸਰਬ ਸੰਮਤੀ ਨਾਲ ਇੰਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਵੀ ਕਰ ਲਈ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਾਡੇ ਬਹੁਮਤ ਦੇ ਚਲਦੇ ਨਾ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਨਾ ਹੀ ਅਕਾਲੀ ਦਲ ਦੇ ਉਮੀਦਵਾਰ ਟਿਕ ਸਕਣਗੇ। ਇਸ ਲਈ ਸ਼ਾਇਦ ਨਤੀਜਿਆਂ ਦਾ ਹਸ਼ਰ ਸੋਚ ਕੇ ਹੀ ਇਹ ਮੀਟਿੰਗ ਰੱਦ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਨਗਰ ਕੌਂਸਲ ਦੇ ਈਓ ਅੰਮ੍ਰਿਤ ਲਾਲ ਨੇ ਦੱਸਿਆ ਕਿ ਇਹ ਮੀਟਿੰਗ ਪ੍ਰਸ਼ਾਸਨ ਦੇ ਹੁਕਮਾਂ ਤੇ ਰੱਖੀ ਗਈ ਸੀ ਅਤੇ ਹੁਣ ਪ੍ਰਸ਼ਾਸਨ ਦੇ ਹੁਕਮਾਂ ਤੇ ਹੀ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਲਿਖਤੀ ਪੱਤਰ ਅਤੇ ਫੋਨ ਕਾਲ ਜਰੀਏ ਇਸ ਮੀਟਿੰਗ ਨੂੰ ਮੁਲਤਵੀ ਕਰਨ ਸਬੰਧੀ ਆਦੇਸ਼ ਮਿਲੇ ਸਨ। ਜਿਸ ਦੇ ਚੱਲਦੇ ਹੁਣ ਇਹ ਮੀਟਿੰਗ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ।