Amarjit Singh Sandoa (ਰੋਹਿਤ ਬਾਂਸਲ): ਕੁੱਝ ਦਿਨ ਪਹਿਲਾ ਆਮ ਆਦਮੀ ਪਾਰਟੀ ਨੇ ਰੋਪੜ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਪਾਰਟੀ 'ਚੋਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦਾ ਫੈਸਲਾ ਕੀਤਾ ਸੀ। ਜਿਸ ਸਬੰਧੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਦੇ ਦਸਤਖਤਾਂ ਹੇਠ ਇੱਕ ਅਧਿਕਾਰਤ ਪੱਤਰ ਵੀ ਜਾਰੀ ਹੋਇਆ ਸੀ। ਪਾਰਟੀ ਨੇ ਸੰਦੋਆ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਅਤੇ ਪਾਰਟੀ ਦੀ ਚੋਣ ਨੀਤੀਆਂ ਅਤੇ ਸਿਧਾਂਤਾਂ ਦੀ ਉਲੰਘਣਾ ਕਰਕੇ ਪਾਰਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ। ਹੁਣ ਅਮਰਜੀਤ ਸਿੰਘ ਸੰਦੋਆ ਨੇ ਆਮ ਆਦਮੀ ਪਾਰਟੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ।
ਅਮਰਜੀਤ ਸੰਦੋਆ ਨੇ ਕਿਹਾ ਪਿਛਲੇ ਦਿਨਾਂ ਵਿੱਚ ਮੈਂ ਇੱਕ ਧਰਨੇ ਵਿੱਚ ਸ਼ਾਮਿਲ ਹੋਇਆ ਜਿਸ ਵਿੱਚ ਇੱਕ ਐਕਸੀਡੈਂਟ ਦੌਰਾਨ ਇੱਕ ਬੀਬੀ ਦੀ ਮੌਤ ਹੋ ਗਈ ਸੀ ਅਤੇ ਬਾਕੀ ਲੋਕ ਜਖਮੀ ਹੋ ਗਏ ਸੀ। ਪਰ ਜੋ ਇਸਦੇ ਆਰੋਪੀ ਸੀ ਉਹਨਾਂ ਨੂੰ ਪੁਲਿਸ ਨੇ ਨਹੀਂ ਫੜਿਆ ਜਿਸ ਦੇ ਲਈ ਇੱਕ ਧਰਨਾ ਲੱਗਿਆ ਅਤੇ ਮੈਂ ਉਸ ਧਰਨੇ ਵਿੱਚ ਸ਼ਾਮਿਲ ਹੋਇਆ। ਜੇਕਰ ਲੋਕਾਂ ਦੇ ਕੰਮਾਂ ਲਈ ਕਿਸੇ ਧਰਨੇ ਵਿੱਚ ਸ਼ਾਮਿਲ ਹੋਣਾ ਪਾਰਟੀ ਵਿਰੋਧੀ ਗਤੀਵਿਧੀ ਹੈ ਤਾਂ ਇਸ ਤੋਂ ਸਾਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਨੇ ਕਿਹਾ ਕੇ ਪਾਰਟੀ ਨੇ ਮੈਨੂੰ ਨਹੀਂ ਪੁੱਛਿਆ ਕਿ ਮੇਰਾ ਕੀ ਕਸੂਰ ਸੀ। ਜੇਕਰ ਪਾਰਟੀ ਬੁਲਾਉਂਦੀ ਤਾਂ ਮੈਂ ਪਾਰਟੀ ਨੂੰ ਦੱਸਦਾ ਕੇ ਇਸ ਕਰਕੇ ਮੈਂ ਪਾਰਟੀ ਤੋਂ ਅਸਤੀਫਾ ਦੇ ਰਿਹਾ ਹਾਂ।
ਰੋਪੜ ਵਿਧਾਨ ਸਭਾ ਵਿੱਚ ਬਹੁਤ ਸਾਰੇ ਗੈਰ ਕਾਨੂੰਨੀ ਕੰਮ ਚੱਲ ਰਹੇ ਹਨ ਬਹੁਤ ਸਾਰੀ ਜਗ੍ਹਾ ਤੇ ਜੀਐਸਟੀ ਨੂੰ ਲੈ ਕੇ ਗਲਤ ਨੋਟਿਸ ਜਾਰੀ ਕਰਵਾਏ ਜਾਂਦੇ ਹਨ ਅਤੇ ਬਾਅਦ ਵਿੱਚ ਮਾਮਲੇ ਹੱਲ ਕਰਵਾਏ ਜਾਂਦੇ ਹਨ। ਮੈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਇੱਕ ਚਿੱਠੀ ਲਿਖੀ ਸੀ। ਜਿਸ ਵਿੱਚ ਕਿਹਾ ਗਿਆ ਸੀ ਇਹਨਾਂ ਮਾਮਲਿਆਂ ਦੇ ਧਿਆਨ ਦਿੱਤਾ ਜਾਵੇ ਮੁੱਖ ਮੰਤਰੀ ਨੂੰ ਹੁਣ ਵੀ ਅਪੀਲ ਹੈ ਕਿ ਉਹ ਇਨ੍ਹਾਂ ਮਾਮਲਿਆਂ ਤੇ ਧਿਆਨ ਦੇਣ ਅਤੇ ਰੋਪੜ ਵਿਧਾਨ ਸਭਾ ਹਲਕੇ ਵਿੱਚ ਆਪਣੀਆਂ ਟੀਮਾਂ ਭੇਜ ਕੇ ਹਰ ਚੀਜ਼ ਦੀ ਜਾਂਚ ਕਰਵਾਉਣ।
ਉਨ੍ਹਾਂ ਕਿਹਾ 2027 ਵਿੱਚ ਇਲੈਕਸ਼ਨ ਲੜਨਾ ਹੈ ਜਾਂ ਨਹੀਂ ਲੜਨਾ ਕਿਸ ਪਾਰਟੀ ਤੋਂ ਲੜਨਾ ਹੈ ਅਤੇ ਕਿਵੇਂ ਲੜਨਾ ਹੈ। ਇਹ ਸਭ ਰੋਪੜ ਦੇ ਲੋਕ ਤੈਅ ਕਰਨਗੇ। ਰੋਪੜ ਦੇ ਲੋਕਾਂ ਨਾਲ ਰਾਏ ਕਰਨ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਏਗਾ।