Prem Singh Chandumajra (ਜਗਮੀਤ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜਸੀ ਬਦਲਾਖੋਰੀ ਦੇ ਤਹਿਤ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਤੇ ਕੇਸ ਦਰਜ ਕੀਤਾ ਗਿਆ ਹੈ। ਜੇਕਰ ਇਸ ਮਾਮਲੇ ਵਿੱਚ ਕੋਈ ਸੱਚਾਈ ਸੀ ਤਾਂ ਸਰਕਾਰ ਨੂੰ ਬਣਿਆ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਹਿਲਾਂ ਸਰਕਾਰੀ ਧਿਰ ਵੱਲੋਂ ਅਜਿਹੀਆਂ ਕਾਰਵਾਈਆਂ ਕਿਉਂ ਨਹੀਂ ਕੀਤੀਆਂ ਗਈਆਂ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਮਸ਼ੀਨਰੀਆਂ ਅਤੇ ਸਰਕਾਰੀ ਏਜੰਸੀਆਂ ਕਿਸੇ ਸਿਆਸੀ ਵਿਰੋਧੀਆ ਲਈ ਨਹੀਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ। ਸਰਕਾਰ ਵੱਲੋਂ ਇਹ ਗਲਤ ਰਿਵਾਇਤ ਪਾਈ ਗਈ ਹੈ ਤੇ ਅਜਿਹੇ ਬੀਜੇ ਹੋਏ ਕੰਡੇ ਫਿਰ ਮੁੜ ਕੇ ਆਪ ਚੁਗਣੇ ਪੈਂਦੇ ਹਨ।
ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਪੰਜ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤੇ ਜਾਣ ਦੇ ਮਾਮਲੇ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੋਲਦਿਆਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੋ ਇਸ ਸਰਕਾਰ ਵਿੱਚ ਨੇਕ ਸਲਾਹ ਦਿੰਦਾ ਹੈ ਜਾ ਰੋਕ ਟੋਕ ਕਰਦਾ ਹੈ ਉਸਨੂੰ ਪਾਰਟੀ ਵੱਲੋਂ ਅਜਿਹੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਕਿਸੇ ਸਮੇਂ ਕੁਮਰ ਵਿਜੇ ਪ੍ਰਤਾਪ ਨੂੰ ਗ੍ਰਹਿ ਮੰਤਰੀ ਤੱਕ ਬਣਾਉਣ ਦੇ ਝੂਠੇ ਝਾਂਸੇ ਦਿੱਤੇ ਗਏ ਸਨ ਬਾਅਦ ਵਿੱਚ ਜੋ ਉਨਾਂ ਨਾਲ ਵਿਵਹਾਰ ਹੁੰਦਾ ਰਿਹਾ ਉਹ ਸਭ ਦੇ ਸਾਹਮਣੇ ਹੈ ਅਤੇ ਅੱਜ ਉਸ ਨੂੰ ਸੱਚ ਬੋਲਣ ਦਾ ਨਤੀਜਾ ਭੁਗਤਣਾ ਪਿਆ ਹੈ।
ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀਆਂ ਤੇ ਮਾਮਲੇ ਤੇ ਸਖਤ ਕਾਨੂੰਨ ਬਣਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦੇਰ ਆਏ ਦਰੁਸਤ ਆਏ, ਇਹ ਕੰਮ ਕਾਫੀ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਧਰਮ ਗ੍ਰੰਥਾਂ ਦੀਆਂ ਹੁੰਦੀਆਂ ਆ ਰਹੀਆਂ ਬੇਅਦਬੀਆਂ ਦੇ ਦੋਸ਼ੀ ਸਖਤ ਕਾਨੂੰਨ ਨਾ ਹੋਣ ਕਾਰਨ ਬਚਦੇ ਰਹੇ ਹਨ ਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਰਹੀ ਹੈ।