Mohali Water Samples Failed: ਪੰਜਾਬ ਦੇ ਸਭ ਤੋਂ ਹਾਈਟੈੱਕ ਸ਼ਹਿਰਾਂ ਵਿਚ ਸ਼ੁਮਾਰ ਜ਼ਿਲ੍ਹਾ ਐਸ.ਏ.ਐਸ ਨਗਰ ਦੀਆਂ ਕਈ ਥਾਵਾਂ ਤੇ ਪਾਣੀ ਪੀਣਯੋਗ ਨਹੀਂ ਹੈ। ਸਿਹਤ ਵਿਭਾਗ ਮੋਹਾਲੀ ਦੀ ਇਕ ਰਿਪੋਰਟ ਵਿਚ ਅਜਿਹਾ ਖ਼ੁਲਾਸਾ ਹੋਇਆ ਹੈ ਜਿਸ ਵਿਚ ਇਹ ਪਤਾ ਚੱਲਦਾ ਹੈ ਕਿ ਜ਼ਿਲ੍ਹੇ ਦੇ ਵੱਖ-ਵੱਖ ਸਿਹਤ 8 ਸਿਹਤ ਬਲਾਕਾਂ ਵਿਚੋਂ ਪ੍ਰਾਪਤ ਕੀਤੇ ਗਏ ਨਮੂਨਿਆਂ ਦੇ 42.5 ਫ਼ੀ ਸਦੀ ਨਮੂਨੇ ਪੀਣ ਦੇ ਮਿਆਰ 'ਤੇ ਖਰੇ ਨਹੀਂ ਉਤਰੇ। ਪ੍ਰਾਪਤ ਵੇਰਵਿਆਂ ਅਨੁਸਾਰ ਜਨਵਰੀ 2025 ਤੋਂ 31 ਮਈ ਤਕ ਕੁੱਲ 459 ਪਾਣੀ ਦੇ ਨੂਮਨੇ ਇਕੱਠੇ ਕੀਤੇ ਗਏ ਸਨ ਜਿਨ੍ਹਾਂ ਵਿਚੋਂ 195 ਦਾ ਮਿਆਰ ਨਾਨਪੋਟੇਬਲ/ ਨਾਪੀਣਯੋਗ ਸੀ। ਜਿਨ੍ਹਾਂ ਜਗ੍ਹਾਵਾਂ ਦੇ ਪਾਣੀ ਵਿਚ ਬੈਕਟੀਰੀਅਲ ਇਨਫ਼ੈਕਸ਼ਨ ਪਾਈ ਗਈ ਸੀ ਉਨ੍ਹਾਂ ਵਿਚੋਂ 7 ਤੋਂ ਨਮੂਨੇ ਦੁਬਾਰਾ ਪ੍ਰਾਪਤ ਕਰਨ ਲਈ ਆਖਿਆ ਗਿਆ ਹੈ।ਇਨ੍ਹਾਂ ਵਿਚੋਂ ਕੁਰਾਲੀ ਤੇ ਘੜੂੰਆਂ ਦੇ 2-2 ਅਤੇ ਬੂਥਗੜ੍ਹ ਦੇ ਅਲੱਗ-ਅਲੱਗ ਥਾਵਾਂ ਦੇ 3 ਨਮੂਨੇ ਲਏ ਹਨ।
ਪਤਾ ਚੱਲਿਆ ਹੈ ਕਿ ਇਨ੍ਹਾਂ ਨਮੂਨਿਆਂ ਵਿਚ ਬੈਕਟੀਰੀਅਲ ਇਨਫ਼ੈਕਸ਼ਨ ਸੀ ਜਿਸ ਕਰਕੇ ਇਨ੍ਹਾਂ ਨੂੰ ਪੀਕੇ ਸਿਹਤ ਖ਼ਰਾਬ ਹੋਣ ਦਾ ਡਰ ਹੈ। ਸਭ ਤੋਂ ਜ਼ਿਆਦਾ ਮਾੜਾ ਹਾਲ ਘੜੂੰਆਂ ਤੇ ਡੇਰਾਬੱਸੀ ਬਲਾਕ ਦਾ ਦੱਸਿਆ ਗਿਆ ਹੈ। ਘੜੂੰਆਂ ਪ੍ਰਾਇਮਰੀ ਹੈਲਥ ਸੈਂਟਰ ਦੇ ਅਧੀਨ ਖੇਤਰਾਂ ਵਿਚੋਂ ਵੱਖ-ਵੱਖ ਪਾਣੀ ਦੇ ਸਰੋਤਾਂ ਤੋਂ 161 ਪਾਣੀ ਦੇ ਨਮੂਨੇ ਇਕੱਤਰ ਕੀਤੇ ਗਏ ਸਨ ਜਿਨ੍ਹਾਂ ਵਿਚੋਂ 61 ਪੀਣਯੋਗ ਨਹੀਂ ਸਨ। ਇਸੇ ਤਰ੍ਹਾਂ ਡੇਰਾਬੱਸੀ ਐਸ.ਡੀ.ਐਸ ਅਧੀਨ ਖੇਤਰਾਂ ਵਿਚੋਂ ਵੀ ਪੀਣ ਵਾਲੇ ਪਾਣੀ ਦੇ 122 ਸੈਂਪਲ ਪ੍ਰਾਪਤ ਕੀਤੇ ਗਏ ਸਨ ਜਿਨ੍ਹਾਂ ਵਿਚੋਂ 46 ਫੇਲ੍ਹ ਹੋ ਗਏ।ਕੇਵਲ ਢਕੌਲੀ ਤੇ ਬਨੂੰੜ ਹੀ ਅਜਿਹੀਆਂ ਜਗ੍ਹਾਵਾਂ ਰਹੀਆਂ ਜਿੱਥੋਂ ਪ੍ਰਾਪਤ ਕੀਤੇ ਗਏ 7 ਦੇ 7 ਨਮੂਨੇ ਪੀਣਯੋਗ ਪਾਏ ਗਏ।
ਦੱਸਣਾ ਬਣਦਾ ਹੈ ਕਿ ਮੋਹਾਲੀ ਵਿਚ ਨਾ-ਪੀਣਯੋਗ ਪਾਣੀ ਮਾਮਲਾ ਪੁਰਾਣਾ ਹੈ। ਇਸ ਤੋਂ ਪਹਿਲਾਂ ਸਾਲ 2024 ਵਿਚ ਵੀ 538 ਥਾਵਾਂ ਤੋਂ ਪਾਣੀ ਦੇ ਨਮੂਨੇ ਪ੍ਰਾਪਤ ਕੀਤੇ ਗਏ ਸਨ ਜਿਨ੍ਹਾਂ ਵਿਚੋਂ 243 ਨਮੂਨੇ ਨਾ-ਪੀਣਯੋਗ ਪਾਏ ਗਏ।ਵੱਡੀ ਗੱਲ ਇਹ ਸੀ ਕਿ ਇਨ੍ਹਾਂ ਵਿਚ 100 ਨਮੂਨੇ ਸਰਕਾਰੀ ਸਕੂਲਾਂ ਦੇ ਸਨ। ਇਹ ਰਿਪੋਰਟ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਵੱਡਾ ਹੰਗਾਮਾ ਹੋ ਗਿਆ ਸੀ।ਮਾਮਲਾ ਉਜਾਗਰ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਕੂਲਾਂ ਦੀਆਂ ਟੈਂਕੀਆਂ,ਬਰਤਨਾਂ ਦੀ ਸਫ਼ਾਈ, ਫਿਲਟਰਾਂ ਦੀ ਸਫ਼ਾਈ ਦੇ ਨਿਰਦੇਸ਼ ਦਿੱਤੇ ਸਨ।ਪੁਰਾਣੀਆਂ ਰਿਪੋਰਟਾਂ ਵਿਚ ਇਹ ਖੁਲਾਸਾ ਹੋਇਆ ਸੀ ਕਿ ਸਾਲ 2024 ਵਿਚ ਪੀਣ ਵਾਲੇ ਪਾਣੀ ਦੇ ਫੇਲ੍ਹ ਹੋਏ ਕੁੱਲ 243 ਨਮੂਨਿਆਂ ਵਿਚੋਂ 45 ਫ਼ੀ ਸਦੀ ਨਮੂਨੇ ਸਰਕਾਰੀ ਸਕੂਲਾਂ ਦੇ ਸਨ ਤੇ ਹੁਣ ਇਸ ਨਵੀਂ ਰਿਪੋਰਟ ਵਿਚ 42.5 ਫ਼ੀਸਦੀ ਪਾਣੀ ਦੇ ਨਮੂਨੇ ਸਿਹਤ ਵਿਭਾਗ ਵੱਲੋਂ ਸੁਝਾਏ ਨਿਯਮਾਂ *ਤੇ ਖਰੇ ਨਹੀਂ ਉਤਰੇ।
ਡਿਪਟੀ ਕਮਿਸ਼ਨਰ ਤੇ ਸਬੰਧਤ ਵਿਭਾਗਾਂ ਨੂੰ ਦਿੱਤੀ ਰਿਪੋਰਟ
ਸਿਹਤ ਵਿਭਾਗ ਦੀ ਹਰੇਕ ਮਹੀਨੇ ਪਾਣੀ ਦੀ ਗੁਣਵੱਤਾ ਤੇ ਹੋਰ ਚੀਜ਼ਾਂ ਬਾਰੇ ਡਿਪਟੀ ਕਮਿਸ਼ਨਰ ਨਾਲ ਬੈਠਕ ਹੁੰਦੀ ਹੈ। ਅਸੀਂ ਇਸ ਰਿਪੋਰਟ ਦੇ ਵੇਰਵੇ ਜਲ ਸਿਹਤ ਤੇ ਸੈਨੀਟੇਸ਼ਨ ਵਿਭਾਗ ਨੂੰ ਦੇ ਦਿੱਤੀ ਹੈ ਤੇ ਇੱਥੇ ਮਹੀਨੇ ਬਾਅਦ ਦੁਬਾਰਾ ਨਮੂਨੇ ਪ੍ਰਾਪਤ ਕੀਤੇ ਜਾਣਗੇ।
ਬਲਾਕ | ਇਕੱਤਰ ਕੀਤੇ ਨਮੂਨੇ | ਪੀਣਯੋਗ | ਪੀਣਯੋਗ ਨਹੀਂ |
ਮੋਹਾਲੀ | 31 | 13 | 18 |
ਡੇਰਾਬੱਸੀ | 122 | 76 | 46 |
ਖਰੜ | 13 | 04 | 09 |
ਕੁਰਾਲੀ | 18 | 05 | 11 |
ਬਨੂੜ | 02 | 02 | 00 |
ਢਕੌਲੀ | 05 | 05 | 00 |
ਘੜੂੰਆਂ | 161 | 98 | 61 |
ਬੂਥਗੜ੍ਹ | 107 | 54 | 50 |
ਕੁੱਲ | 459 | 257 | 195 |