Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ਬਰਨਾਲਾ ਵਿਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 23 ਸਾਲਾ ਨੌਜਵਾਨ ਨੇ ਲਾਈਵ ਵੀਡੀਓ ਬਣਾਉਂਦਿਆਂ ਫਿਰੋਜ਼ਪੁਰ-ਦਿੱਲੀ ਰੇਲਵੇ ਲਾਈਨ 'ਤੇ ਆ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਵੱਲੋਂ ਇਹ ਕਦਮ ਆਪਣੇ ਪਿਤਾ ਦੀ ਪੰਚਾਇਤ ਵਿੱਚ ਹੋਈ ਬੇਇਜਤੀ ਤੋਂ ਦੁਖੀ ਹੋ ਕੇ ਚੁੱਕਿਆ ਗਿਆ।
ਮ੍ਰਿਤਕ ਦੀ ਪਛਾਣ ਸਤਪਾਲ ਸਿੰਘ ਵਜੋਂ ਹੋਈ ਹੈ ਜੋ ਕਿ ਨਸ਼ਾ ਕਰਨ ਦਾ ਆਦੀ ਸੀ। ਉਸ ਨੇ ਹਾਲ ਹੀ ਵਿੱਚ ਆਪਣੇ ਸਾਥੀ ਅਮਨਦੀਪ ਸਿੰਘ ਨਾਲ ਮਿਲ ਕੇ ਨਸ਼ਾ ਕੀਤਾ, ਜਿਸ ਦੀ ਜਾਣਕਾਰੀ ਪਿੰਡ ਦੇ ਇਕ ਰਿਸ਼ਤੇਦਾਰ ਬਲਕਾਰ ਸਿੰਘ ਰਾਜੂ ਨੂੰ ਲੱਗੀ। ਰਾਜੂ ਵੱਲੋਂ ਪੰਚਾਇਤ ਵਿੱਚ ਨੌਜਵਾਨ ਦੇ ਪਿਤਾ ਜਗਤਾਰ ਸਿੰਘ ਨੂੰ ਕਈ ਵਾਰੀ ਬੁਲਾ ਕੇ ਜਲੀਲ ਕੀਤਾ ਗਿਆ।
ਪਿਤਾ ਅਤੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹਨਾਂ ਨੇ ਪੰਚਾਇਤ ਵਿੱਚ ਮਾਫੀ ਮੰਗ ਕੇ ਇਹ ਭਰੋਸਾ ਦਿੱਤਾ ਸੀ ਕਿ ਭਵਿੱਖ ਵਿੱਚ ਸਤਪਾਲ ਨਸ਼ਾ ਨਹੀਂ ਕਰੇਗਾ, ਪਰ ਫਿਰ ਵੀ ਉਨ੍ਹਾਂ ਨੂੰ ਲਗਾਤਾਰ ਬੇਇੱਜ਼ਤ ਕੀਤਾ ਜਾਂਦਾ ਰਿਹਾ। ਇਹੀ ਬੇਇੱਜਤੀ ਸਤਪਾਲ ਸਿੰਘ ਲਈ ਨਾ ਸਹਿਣਯੋਗ ਬਣੀ ਅਤੇ ਉਸਨੇ ਲਾਈਵ ਵੀਡੀਓ ਬਣਾਉਂਦੇ ਹੋਏ ਰੇਲ ਗੱਡੀ ਹੇਠ ਆ ਕੇ ਆਪਣੀ ਜਾਨ ਦੇ ਦਿੱਤੀ।
ਮ੍ਰਿਤਕ ਦੇ ਪਿਤਾ ਜਗਤਾਰ ਸਿੰਘ, ਭਰਾ ਅੰਮ੍ਰਿਤਪਾਲ ਸਿੰਘ ਅਤੇ ਮਾਤਾ ਰਾਜ ਕੌਰ ਨੇ ਪੰਚਾਇਤ ਮੈਂਬਰ ਬਲਕਾਰ ਸਿੰਘ ਰਾਜੂ ਉੱਤੇ ਬਾਰੇ-ਬਾਰੇ ਤੰਗ-ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ ਹਨ ਅਤੇ ਇਨਸਾਫ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਰੇਲਵੇ ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੰਚਾਇਤ ਮੈਂਬਰ ਬਲਕਾਰ ਸਿੰਘ ਰਾਜੂ ਦੇ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਰੇਲਵੇ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਨਹੀਂ ਆਏ।