Ludhiana News: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਹਰਪਾਲ ਨਗਰ ਵਿੱਚ ਇੱਕ ਦੋ ਸਾਲ ਦੀ ਬੱਚੀ ਦੇ ਜਨਮਦਿਨ ਦੀ ਪਾਰਟੀ ਉਸ ਸਮੇਂ ਸੋਗ ਵਿੱਚ ਬਦਲ ਗਈ ਜਦੋਂ ਲਗਭਗ 30 ਤੋਂ 40 ਅਣਪਛਾਤੇ ਬਦਮਾਸ਼ਾਂ ਨੇ ਘਰ ਵਿੱਚ ਧੱਕੇ ਨਾਲ ਵੜ੍ਹ ਕੇ ਹਮਲਾ ਕਰ ਦਿੱਤਾ।
ਹਮਲਾਵਰਾਂ ਨੇ ਡੰਡਿਆਂ, ਇੱਟਾਂ ਅਤੇ ਹਥਿਆਰਾਂ ਦਾ ਇਸਤੇਮਾਲ ਕਰਦੇ ਹੋਏ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਇਸ ਹਮਲੇ ਵਿੱਚ ਲਗਭਗ 15 ਤੋਂ 16 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚ ਔਰਤਾਂ, ਬਜ਼ੁਰਗ, ਨੌਜਵਾਨ ਅਤੇ ਮਾਸੂਮ ਬੱਚੇ ਸ਼ਾਮਲ ਸਨ। ਬਦਮਾਸ਼ਾਂ ਨੇ ਘਰ ਵਿੱਚ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਜਿਸ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ ਹੈ।
ਗੰਭੀਰ ਜ਼ਖਮੀਆਂ ਵਿੱਚੋਂ ਰਾਕੇਸ਼, ਉਤਸਵ, ਹਿਮਾਂਸ਼ੂ ਅਤੇ ਆਯੂਸ਼ੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੋਸ਼ ਹੈ ਕਿ ਹਮਲਾਵਰਾਂ ਨੇ ਮਾਸੂਮ ਆਯੂਸ਼ੀ ਨੂੰ ਪਹਿਲੀ ਮੰਜ਼ਿਲ ਦੀ ਛੱਤ ਤੋਂ ਸੁੱਟ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ਾਮ ਨੂੰ ਗੁਆਂਢੀਆਂ ਵਿਚਕਾਰ ਗਲੀ ਵਿੱਚ ਕਾਰ ਖੜ੍ਹੀ ਕਰਨ ਨੂੰ ਲੈ ਕੇ ਝਗੜਾ ਹੋਇਆ।
ਉਸਦਾ ਪੁੱਤਰ ਮਾਮਲਾ ਸੁਲਝਾਉਣ ਗਿਆ ਹੋਇਆ ਸੀ। ਭਾਵੇਂ ਝਗੜਾ ਸ਼ਾਂਤ ਹੋ ਗਿਆ ਪਰ ਗੁਆਂਢੀ ਨੇ ਰੰਜ਼ਿਸ਼ ਰੱਖੀ। ਰਾਤ ਨੂੰ ਜਦੋਂ 2 ਸਾਲ ਦੀ ਆਯੂਸ਼ੀ ਦਾ ਜਨਮਦਿਨ ਮਨਾਇਆ ਜਾ ਰਿਹਾ ਸੀ, ਤਾਂ ਗੁਆਂਢੀ ਨੇ ਆਪਣੇ 30-40 ਦੋਸਤਾਂ ਨੂੰ ਬੁਲਾਇਆ ਅਤੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਹਮਲਾਵਰ ਘਰ ਵਿੱਚ ਦਾਖਲ ਹੋਏ ਅਤੇ ਔਰਤਾਂ ਅਤੇ ਬੱਚਿਆਂ 'ਤੇ ਵੀ ਹਮਲਾ ਕੀਤਾ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ ਕਿਉਂਕਿ ਭੰਨਤੋੜ ਕੀਤੀ ਗਈ ਅਤੇ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਦੋਸ਼ ਲਗਾਏ ਗਏ।
ਇਹ ਵੀ ਪੜ੍ਹੋ : Panchkula Suicide News: ਪੰਚਕੂਲਾ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ; ਇੱਕ ਪਰਿਵਾਰ ਦੇ 7 ਜੀਆਂ ਨੇ ਕੀਤੀ ਖ਼ੁਦਕੁਸ਼ੀ
ਸਥਾਨਕ ਲੋਕਾਂ ਨੇ ਤੁਰੰਤ ਗਿਆਸਪੁਰ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ, ਪਰ ਉਦੋਂ ਤੱਕ ਸਾਰੇ ਨੌਜਵਾਨ ਭੱਜ ਚੁੱਕੇ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : ਕੈਨੇਡਾ ਅਧਾਰਤ ਸਮਗਲਰ ਦੇ ਤਿੰਨ ਕਾਰਕੁਨ 2.5 ਕਿਲੋ ਹੈਰੋਇਨ, 42 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ