Mohali News: ਮੋਹਾਲੀ ਵਿੱਚ ਕ੍ਰਿਪਟੋਕਰੰਸੀ ਦੇ ਨਾਮ ਉਤੇ 500 ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਪੈਸਾ ਮਨੀ ਲਾਂਡਰਿੰਗ ਰਾਹੀਂ ਪੋਲੈਂਡ ਪੁੱਜ ਗਿਆ। ਪੰਜਾਬ ਸਟੇਟ ਕ੍ਰਾਈਮ ਬ੍ਰਾਂਚ ਵੱਲੋਂ ਅੰਬਾਲਾ ਵਾਸੀ ਪ੍ਰਵੇਸ਼ ਕੁਮਾਰ ਦੀ ਸ਼ਿਕਾਇਤ ਉਤੇ ਪੰਜ ਲੋਕਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਸੈਲਫ ਮੇਕਰ ਸਮਾਰਟ ਕੰਪਨੀ ਦਾ ਬ੍ਰਾਂਡ ਅੰਬੈਸਡਰ ਹੋਣ ਦਾ ਦਾਅਵਾ ਕਰਨ ਵਾਲੇ ਅਮਨਦੀਪ ਸ਼ਰਮਾ ਦੇ ਭਰਾ ਨਵਦੀਪ ਸ਼ਰਮਾ, ਮਦਨ ਲਾਲ ਸ਼ਰਮਾ ਵਾਸੀ ਪਟਿਆਲਾ, ਸ਼ਰਨ ਸ਼ਸ਼ੀ ਧਰਾਨ ਵਾਸੀ ਮਹਾਰਾਸ਼ਟਰ ਅਤੇ ਫਰਹਾਨ ਅਹਿਮਦ ਵਾਸੀ ਉੱਤਰਾਖੰਡ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਮਿੱਤਰਾਂ ਦੇ ਅਮਰੀਕਾ ਅਤੇ ਪੋਲੈਂਡ ਵਿੱਚ ਵੀ ਸਬੰਧ ਹਨ। ਮੁੱਖ ਮੁਲਜ਼ਮ ਅਮਨਦੀਪ ਸ਼ਰਮਾ ਨੇ ਕਿਸ ਤਰ੍ਹਾਂ ਦੇਸ਼-ਵਿਦੇਸ਼ 'ਚ ਸੈਮੀਨਾਰ ਲਗਾ ਕੇ ਲੋਕਾਂ ਨੂੰ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰਨ ਦਾ ਝਾਂਸਾ ਦਿੱਤਾ।
ਪੀੜਤਾਂ ਵਿੱਚੋਂ ਪ੍ਰਵੇਸ਼ ਕੁਮਾਰ (35) ਵਾਸੀ ਪਿੰਡ ਧਨੌਰਾ, ਜ਼ਿਲ੍ਹਾ ਅੰਬਾਲਾ (ਹਰਿਆਣਾ) ਨੇ ਦੱਸਿਆ ਕਿ ਉਹ ਜਨਮ ਤੋਂ ਹੀ ਬੋਲ਼ਾ ਹੈ। 5 ਫਰਵਰੀ ਨੂੰ ਉਸ ਨੇ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਇਸ ਧੋਖਾਧੜੀ ਦੇ ਮੁੱਖ ਮੁਲਜ਼ਮ ਅਮਨਦੀਪ ਸ਼ਰਮਾ (ਜੋ ਕਿ ਖੁਦ ਗੂੰਗੇ ਅਤੇ ਬੋਲੇ ਹਨ) ਵੱਲੋਂ ਕਰਵਾਏ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ।
ਇਸ ਸੈਮੀਨਾਰ ਵਿੱਚ 500 ਦੇ ਕਰੀਬ ਗੂੰਗੇ-ਬੋਲੇ ਲੋਕਾਂ ਨੇ ਸ਼ਿਰਕਤ ਕੀਤੀ ਸੀ ਅਤੇ ਕੰਪਨੀ ਦੇ ਨੁਮਾਇੰਦੇ (ਕ੍ਰਿਪਟੋ ਨਿਵੇਸ਼ਕ) ਮੈਸੀਅਸ ਚੋਮਸਕੀ ਵੀ ਆਏ ਸਨ। ਸੈਮੀਨਾਰ ਵਿੱਚ ਅਮਨਦੀਪ ਸ਼ਰਮਾ ਨੇ ਆਪਣੇ ਆਪ ਨੂੰ ਕੰਪਨੀ ਦਾ ਏਸ਼ੀਆ ਦਾ ਬ੍ਰਾਂਡ ਅੰਬੈਸਡਰ ਦੱਸਿਆ ਅਤੇ ਕੰਪਨੀ ਦੀਆਂ ਯੋਜਨਾਵਾਂ ਬਾਰੇ ਵੀ ਦੱਸਿਆ। ਇਸ ਤੋਂ ਬਾਅਦ ਸਾਰਿਆਂ ਨੂੰ ਪੈਸੇ ਲਗਾਉਣ ਲਈ ਕਿਹਾ ਗਿਆ।
ਇਸ ਸੈਮੀਨਾਰ ਤੋਂ ਇਲਾਵਾ ਅਮਨਦੀਪ ਸ਼ਰਮਾ ਦੇ ਨਾਲ ਫਰਹਾਨ ਅਹਿਮਦ, ਸ਼ਰਨ ਸਸੀਧਰਨ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸੈਮੀਨਾਰ ਕਰਵਾਏ। ਉਸ ਦੀ ਪ੍ਰੇਰਨਾ 'ਤੇ, ਕੁਝ ਲੋਕਾਂ ਨੇ ਉਸ ਨੂੰ Google Pay ਜਾਂ ਖਾਤੇ ਰਾਹੀਂ ਪੈਸੇ ਭੇਜੇ ਅਤੇ ਕੁਝ ਨੇ Self Maker Smart Solution ਕੰਪਨੀ ਦੀ ਵੈੱਬਸਾਈਟ ਰਾਹੀਂ ਨਿਵੇਸ਼ ਕੀਤਾ। ਉਸ ਨੇ 21 ਅਗਸਤ 2021 ਨੂੰ ਕੰਪਨੀ ਦੀ ਵੈੱਬਸਾਈਟ ਰਾਹੀਂ 28500 ਰੁਪਏ ਵੀ ਨਿਵੇਸ਼ ਕੀਤੇ ਸਨ ਪਰ ਦੋ ਸਾਲ ਪੂਰੇ ਹੋਣ ਤੋਂ ਬਾਅਦ ਉਸ ਦੇ ਖਾਤੇ ਵਿੱਚ 72160 ਰੁਪਏ ਆ ਗਏ ਪਰ ਉਹ ਕਢਵਾ ਨਹੀਂ ਸਕਿਆ।
ਇਸ ਸਬੰਧੀ ਉਨ੍ਹਾਂ ਕੰਪਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਫਿਰ ਜਦੋਂ ਉਨ੍ਹਾਂ ਸੈਮੀਨਾਰ ਵਿੱਚ ਆਏ ਹੋਰ ਵਿਅਕਤੀਆਂ ਨਾਲ ਸੰਪਰਕ ਕੀਤਾ ਤਾਂ ਸੋਨੂੰ ਸੈਣੀ, ਭਾਰਤ ਭੂਸ਼ਣ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੰਪਨੀ ਵਿੱਚ ਲਗਾਏ ਗਏ ਪੈਸੇ ਵਾਪਸ ਨਹੀਂ ਕੀਤੇ ਗਏ ਹਨ, ਭਾਵੇਂ ਕਿ ਉਹ ਸਾਰੇ ਕਾਗਜ਼ਾਤ ਜਮ੍ਹਾਂ ਕਰਵਾ ਚੁੱਕੇ ਹਨ।