Hoshiarpur News: ਪੰਜਾਬ ਪੁਲਿਸ ਰਿਕਰੂਟਰਾਂ ਦੇ ਟਰੇਨਿੰਗ ਸੈਂਟਰ, ਜਹਾਨਖੇਲਾਂ ਹੁਸ਼ਿਆਰਪੁਰ 'ਚ ਟਰੇਨਿੰਗ ਲੈ ਰਹੇ 6 ਰਿਕਰੂਟ ਸਿਪਾਹੀਆਂ ਦੇ ਡੋਪ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਟਰੇਨਿੰਗ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚੋਂ 3 ਸਿਪਾਹੀ ਪਟਿਆਲਾ ਜ਼ਿਲੇ ਦੇ, 2 ਤਰਨਤਾਰਨ ਦੇ ਅਤੇ 1 ਲੁਧਿਆਣਾ ਜ਼ਿਲੇ ਨਾਲ ਸੰਬੰਧਤ ਹਨ।
ਕੈਂਪ ਐਡਜੂਡੈਂਟ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ, ਇਨ੍ਹਾਂ ਸਿਪਾਹੀਆਂ ਦੀਆਂ ਹਰਕਤਾਂ ਨੂੰ ਦੇਖਦਿਆਂ ਇਹ ਸ਼ੱਕ ਜਤਾਇਆ ਗਿਆ ਸੀ ਕਿ ਉਹ ਕਿਸੇ ਬਿਨਾ ਗੰਧ ਵਾਲੇ ਨਸ਼ੇ ਦਾ ਸੇਵਨ ਕਰ ਰਹੇ ਹਨ। ਇਹ ਜਾਣਕਾਰੀ ਸੀਆਈਡੀ ਵੱਲੋਂ ਦਿੱਤੀ ਗਈ ਰਿਪੋਰਟ 'ਚ ਮਿਲੀ ਸੀ।
ਇਸ ਦੇ ਅਧਾਰ 'ਤੇ ਉਨ੍ਹਾਂ ਨੂੰ ਹੋਸ਼ਿਆਰਪੁਰ ਸਿਵਲ ਹਸਪਤਾਲ ਭੇਜ ਕੇ ਡੋਪ ਟੈਸਟ ਕਰਵਾਇਆ ਗਿਆ ਜੋ ਕਿ ਪਾਜ਼ੀਟਿਵ ਨਿਕਲਿਆ। ਨਤੀਜੇ ਦੇ ਤੌਰ 'ਤੇ ਇਨ੍ਹਾਂ ਸਿਪਾਹੀਆਂ ਨੂੰ ਬਿਨਾਂ ਬੇਸਿਕ ਟਰੇਨਿੰਗ ਪੂਰੀ ਕੀਤੇ ਹੀ ਆਪਣੇ-ਆਪਣੇ ਜ਼ਿਲਿਆਂ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਟਰੇਨਿੰਗ ਬੈਚ 'ਚੋਂ ਉਨ੍ਹਾਂ ਦੇ ਨਾਂ ਹਟਾ ਦਿੱਤੇ ਗਏ ਹਨ।
ਇਨ੍ਹਾਂ ਸਿਪਾਹੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਤੁਰੰਤ ਆਪਣੇ ਸੰਬੰਧਤ ਜ਼ਿਲਾ ਜਾਂ ਕਮਿਸ਼ਨਰੇਟ ਦਫ਼ਤਰ 'ਚ ਰਿਪੋਰਟ ਕਰਨ। ਨਾਲ ਹੀ, ਉਨ੍ਹਾਂ ਦੇ ਇਲਾਜ ਲਈ ਨਸ਼ਾ ਮੁਕਤੀ ਦੇ ਕੇਸ ਤਹਿਤ ਲਾਜ਼ਮੀ ਕਾਰਵਾਈ ਕਰਨ ਦੀ ਹਦਾਇਤ ਵੀ ਜ਼ਿਲਾ ਅਧਿਕਾਰੀਆਂ ਨੂੰ ਦਿੱਤੀ ਗਈ ਹੈ।