Ludhiana News: ਮਾਡਲ ਟਾਊਨ ਥਾਣੇ ਦੇ ਨਿਊ ਕਰਤਾਰ ਨਗਰ ਇਲਾਕੇ 'ਚ ਦੇਰ ਰਾਤ ਇੱਕ 7 ਮਹੀਨੇ ਦੀ ਬੱਚੀ "ਵਿਗਨਸ਼ੂ ਉਰਫ ਰੂਹੀ" ਘਰ ਦੇ ਅੰਦਰੋਂ ਅਚਾਨਕ ਲਾਪਤਾ ਹੋ ਗਈ। ਬੱਚੀ ਆਪਣੀ ਮਾਂ, ਦਾਦਾ ਤੇ ਦਾਦੀ ਨਾਲ ਇਕੋ ਹੀ ਕਮਰੇ ਵਿੱਚ ਸੌ ਰਹੀ ਸੀ। ਇਹ ਘਟਨਾ ਰਾਤ ਕਰੀਬ 12 ਵਜੇ ਦੀ ਹੈ ਜਿਸ ਤੋਂ ਬਾਅਦ ਪਰਿਵਾਰ 'ਚ ਹੜਕੰਪ ਮਚ ਗਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ 11 ਵਜੇ ਤੱਕ ਤਿੰਨੋ ਪੋਤੀਆਂ ਦਾਦਾ-ਦਾਦੀ ਨਾਲ ਖੇਡ ਰਹੀਆਂ ਸਨ। ਸੌਣ ਦੌਰਾਨ ਇੱਕ ਹੋਰ ਬੱਚੀ ਬੈੱਡ ਤੋਂ ਹੇਠਾਂ ਡਿੱਗੀ, ਜਿਸ ਨੂੰ ਚੁੱਕਣ ਲੱਗੇ ਤਾਂ ਪਤਾ ਲੱਗਾ ਕਿ ਰੂਹੀ ਬੈੱਡ ’ਤੇ ਮੌਜੂਦ ਨਹੀਂ। ਘਰ ਦੇ ਸਾਰੇ ਦਰਵਾਜੇ ਬੰਦ ਮਿਲੇ, ਪਰ ਉੱਪਰੀ ਮੰਜ਼ਿਲ ਦੇ ਪਿਛਲੇ ਪਾਸੇ ਇੱਕ ਛੋਟਾ ਗੇਟ ਖੁੱਲਾ ਹੋਇਆ ਸੀ, ਜਿਸ ਕਾਰਨ ਸ਼ੱਕ ਹੋਇਆ ਕਿ ਕੋਈ ਅਜਾਣਾ ਵਿਅਕਤੀ ਬੱਚੀ ਨੂੰ ਉਠਾ ਕੇ ਲੈ ਗਿਆ ਹੋ ਸਕਦਾ ਹੈ।
ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮਾਡਲ ਟਾਊਨ ਪੁਲਿਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਗਏ, ਜਿਨ੍ਹਾਂ ਵਿੱਚ ਤਿੰਨ ਸ਼ੱਕੀ ਵਿਅਕਤੀ ਰਾਤ ਦੇ ਸਮੇਂ ਬਾਲਟੀ ਲੈ ਕੇ ਗਲੀ 'ਚ ਜਾਂਦੇ ਹੋਏ ਨਜ਼ਰ ਆ ਰਹੇ ਹਨ। ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਦੀ ਪਛਾਣ ਅਤੇ ਪੁੱਛਗਿੱਛ ਜਾਰੀ ਹੈ।
ਪੁਲਿਸ ਨੇ ਕਿਹਾ ਹੈ ਕਿ ਬੱਚੀ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਟੀਮਾਂ ਵੱਲੋਂ ਹਰ ਇੱਕ ਵਿਅਕਤੀ ਤੋਂ ਜੋ ਸ਼ੱਕੀ ਲੱਗ ਰਿਹਾ ਉਸ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।