ED Raid On Deepak Singla House: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਵਿੱਚ ਕਥਿਤ ਘੁਟਾਲੇ ਵਿੱਚ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਇੱਕ ਹੋਰ ਆਗੂ ਦੇ ਘਰ ਛਾਪਾ ਮਾਰਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੀਪਕ ਸਿੰਗਲਾ ‘ਆਪ’ ਦੇ ਦੂਜੇ ਆਗੂ ਹਨ ਜਿਨ੍ਹਾਂ ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ।
ਦੀਪਕ ਸਿੰਗਲਾ ‘ਆਪ’ ਦੇ ਸਾਬਕਾ ਉਮੀਦਵਾਰ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਵਿਸ਼ਵਾਸ ਨਗਰ ਤੋਂ ਚੋਣ ਲੜੀ ਸੀ। ਇਸ ਤੋਂ ਇਲਾਵਾ, ਉਹ ਗੋਆ ਦੇ 'ਆਪ' ਇੰਚਾਰਜ ਅਤੇ MCD ਦੇ ਸਹਿ-ਇੰਚਾਰਜ ਵੀ ਹਨ। ਇਸ ਤੋਂ ਪਹਿਲਾਂ ਈਡੀ ਨੇ 23 ਮਾਰਚ ਨੂੰ ਮਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਲਾਬ ਸਿੰਘ ਯਾਦਵ ਦੇ ਘਰ ਵੀ ਛਾਪਾ ਮਾਰਿਆ ਸੀ। ਦੀਪਕ ਸਿੰਗਲਾ ਦੇ ਗੋਆ ਨਾਲ ਸਬੰਧ ਹੋਣ ਕਾਰਨ ਮੰਨਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਕਥਿਤ ਸ਼ਰਾਬ ਘੁਟਾਲੇ ਦੇ ਸਬੰਧ ਵਿੱਚ ਹੋ ਸਕਦੀ ਹੈ।
ਇਹ ਵੀ ਪੜ੍ਹੋ: Arvind Kejriwal Arrest: ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਅਮਰੀਕਾ ਦਾ ਬਿਆਨ, ਕਿਹਾ- ਨਿਰਪੱਖ ਤੇ ਪਾਰਦਰਸ਼ੀ ਕਾਨੂੰਨੀ ਪ੍ਰਕਿਰਿਆ' ਦੀ ਉਮੀਦ
ਹਵਾਲਾ ਰਾਹੀਂ ਗੋਆ ਭੇਜਿਆ ਗਿਆ ਪੈਸਾ, ਈਡੀ ਦਾ ਦਾਅਵਾ
ਈਡੀ ਨੇ ਪੀਐਮਐਲਏ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਹਵਾਲਾ ਰਾਹੀਂ 45 ਕਰੋੜ ਰੁਪਏ ਗੋਆ ਭੇਜੇ ਗਏ ਸਨ। ਦਰਅਸਲ, ਈਡੀ ਨੇ ਦਾਅਵਾ ਕੀਤਾ ਹੈ ਕਿ ਸ਼ਰਾਬ ਘੁਟਾਲੇ ਵਿੱਚ ਬਰਾਮਦ ਹੋਏ ਪੈਸੇ ਦੀ ਵਰਤੋਂ ਆਮ ਆਦਮੀ ਪਾਰਟੀ ਨੇ ਗੋਆ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਕੀਤੀ ਸੀ।
22 ਮਾਰਚ ਨੂੰ, ਈਡੀ ਨੇ ਦਾਅਵਾ ਕੀਤਾ ਸੀ ਕਿ ਇੱਕ ਮਨੀ ਟ੍ਰੇਲ ਦਾ ਪਤਾ ਲੱਗਿਆ ਹੈ ਜਿਸ ਵਿੱਚ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੂੰ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ। 'ਆਪ' ਨੇ ਇਸ ਪੈਸੇ ਦੀ ਵਰਤੋਂ ਪੰਜਾਬ ਅਤੇ ਗੋਆ ਵਿਧਾਨ ਸਭਾ ਚੋਣਾਂ 'ਚ ਕੀਤੀ ਸੀ। ਏਜੰਸੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਸ ਘੁਟਾਲੇ ਵਿੱਚ ਨਾ ਸਿਰਫ਼ 100 ਕਰੋੜ ਰੁਪਏ ਦੀ ਰਿਸ਼ਵਤ ਲਈ ਗਈ ਸੀ, ਸਗੋਂ ਰਿਸ਼ਵਤ ਦੇਣ ਵਾਲਿਆਂ ਵੱਲੋਂ 600 ਕਰੋੜ ਰੁਪਏ ਤੋਂ ਵੱਧ ਦੇ ਮੁਨਾਫ਼ੇ 'ਤੇ ਕਮਿਸ਼ਨ ਵੀ ਲਿਆ ਗਿਆ ਸੀ।