Khanna News: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਸਿਆਸਤ ਭਖ ਗਈ ਹੈ। ਮੰਗਲਵਾਰ ਨੂੰ ਕਾਂਗਰਸ ਨੇ ਚੰਡੀਗੜ੍ਹ ਵਿੱਚ ਬਾਜਵਾ ਦੇ ਸਮਰਥਨ ਵਿੱਚ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ, ਜਦੋਂ ਕਿ ਖੰਨਾ ਤੋਂ ਉਦਯੋਗ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਬਾਜਵਾ ''ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਹੁਣ ਪੰਜਾਬ ਵਿੱਚ ਕੋਈ ਧਮਾਕਾ ਹੁੰਦਾ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਜ਼ਿੰਮੇਵਾਰ ਹੋਣਗੇ। ਬਾਜਵਾ ਨੂੰ ਆਪਣੀ ਭੜਕਾਊ ਬਿਆਨਬਾਜ਼ੀ ਲਈ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।
ਬਾਜਵਾ ਨੇ ਦਿੱਤਾ ਗੈਰ-ਜ਼ਿੰਮੇਵਾਰਾਨਾ ਬਿਆਨ
ਮੰਤਰੀ ਸੌਂਧ ਨੇ ਕਿਹਾ ਕਿ ਪੰਜਾਬ ਨੇ ਅੱਤਵਾਦ ਦਾ ਸੰਤਾਪ ਝੱਲਿਆ ਹੈ ਅਤੇ ਅੱਜ ਵੀ ਜ਼ਖ਼ਮ ਅੱਲ੍ਹੇ ਹਨ। ਦੂਜੇ ਪਾਸੇ ਦੇਸ਼ ਵਿਰੋਧੀ ਤਾਕਤਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਮਾਹੌਲ ਵਿੱਚ ਜਨਤਕ ਪ੍ਰਤੀਨਿਧੀ ਅਤੇ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ ਬਿਆਨ ਦਿੱਤਾ ਕਿ ਪੰਜਾਬ ਵਿੱਚ 50 ਬੰਬ ਆਏ ਹਨ। 32 ਅਜੇ ਫਟਣੇ ਬਾਕੀ ਹਨ ਤੇ ਇਹ ਬਹੁਤ ਹੀ ਨਿੰਦਣਯੋਗ ਹੈ।
ਆਮ ਆਦਮੀ ਪਾਰਟੀ ਪੰਜਾਬ ਦੀ ਰਖਵਾਲੀ ਕਰ ਰਹੀ ਹੈ। ਕਿਸੇ ਨੂੰ ਵੀ ਪੰਜਾਬ ਦੇ ਵਿਰੋਧ ਵਿੱਚ ਸਾਜ਼ਿਸ਼ ਨਹੀਂ ਕਰਨ ਦੇਵਾਂਗੇ। ਬਾਜਵਾ ਵਿਰੁੱਧ ਕਾਰਵਾਈ ਇਸ ਲਈ ਕੀਤੀ ਗਈ ਕਿਉਂਕਿ ਉਨ੍ਹਾਂ ਨੇ ਪੁਲਿਸ ਨਾਲ ਸਹਿਯੋਗ ਨਹੀਂ ਕੀਤਾ। ਬਾਜਵਾ ਨੂੰ ਦੱਸਣਾ ਚਾਹੀਦਾ ਹੈ ਕਿ ਬੰਬ ਕਿੱਥੇ ਹਨ ਜਾਂ ਫਿਰ ਮੁਆਫ਼ੀ ਮੰਗਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਸਿਆਸੀ ਲਾਹਾ ਲੈਣ ਲਈ ਇਹ ਬਿਆਨ ਦਿੱਤਾ ਹੈ।
ਸੰਵਿਧਾਨ ਅਨੁਸਾਰ ਮੀਡੀਆ ਸ੍ਰੋਤ ਦਾ ਖੁਲਾਸਾ ਨਹੀਂ ਕਰ ਸਕਦਾ
ਕੈਬਨਿਟ ਮੰਤਰੀ ਸੌਂਧ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਲੋਕਤੰਤਰ ਦੇ ਚੌਥੇ ਥੰਮ੍ਹ ਪੱਤਰਕਾਰੀ ਨੂੰ ਆਪਣੇ ਸ੍ਰੋਤਾਂ ਦਾ ਖੁਲਾਸਾ ਨਾ ਕਰਨ ਦਾ ਅਧਿਕਾਰ ਹੈ ਪਰ ਇੱਕ ਜਨਤਕ ਪ੍ਰਤੀਨਿਧੀ ਵੱਲੋਂ ਇਹ ਕਹਿਣਾ ਕਿ ਉਹ ਸ੍ਰੋਤ ਦਾ ਖੁਲਾਸਾ ਨਹੀਂ ਕਰਨਗੇ, ਇੱਕ ਗੈਰ-ਜ਼ਿੰਮੇਵਾਰਾਨਾ ਬਿਆਨ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੈ। ਪੁਲਿਸ ਆਪਣਾ ਕੰਮ ਕਰ ਰਹੀ ਹੈ। ਅਕਾਲੀ ਦਲ ਅਤੇ ਭਾਜਪਾ ਵੱਲੋਂ ਬਾਜਵਾ ਦਾ ਸਮਰਥਨ ਕਰਨ 'ਤੇ ਮੰਤਰੀ ਨੇ ਕਿਹਾ ਕਿ ਇਸ ਵੇਲੇ ਲੜਾਈ 'ਆਪ' ਬਨਾਮ ਆਲ ਪਾਰਟੀ ਹੈ। ਇਹ ਸਾਰੀਆਂ ਪਾਰਟੀਆਂ ਇੱਕ ਹਨ। ਇਨ੍ਹਾਂ ਦੀਆਂ ਆਪਸ 'ਚ ਰਿਸ਼ਤੇਦਾਰੀਆਂ ਹਨ।