Chief Khalsa Diwan Election: ਚੀਫ਼ ਖ਼ਾਲਸਾ ਦੀਵਾਨ ਦੀਆਂ ਅੱਜ ਜਨਰਲ ਚੋਣਾਂ ਵਿੱਚ ਮੌਜੂਦਾ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਤੋਂ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਮੁੜ ਤੋਂ ਪ੍ਰਧਾਨ ਬਣ ਗਏ ਹਨ। ਉਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਸੁਰਿੰਦਰਜੀਤ ਸਿੰਘ ਪਾਲ ਨੂੰ 97 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਅੱਜ ਚੋਣ ਵਿੱਚ ਡਾਕਟਰ ਨਿੱਝਰ ਦੇ ਧੜੇ ਨੂੰ ਪੰਜ ਅਹੁਦਿਆ 'ਤੇ ਅਤੇ ਵਿਰੋਧੀ ਧੜੇ ਨੂੰ ਇਕ ਅਹੁਦੇ 'ਤੇ ਜਿੱਤ ਪ੍ਰਾਪਤ ਹੋਈ ਹੈ। ਵੇਰਵਿਆਂ ਅਨੁਸਾਰ ਵਿਰੋਧੀ ਧੜੇ ਵਲੋਂ ਕੇਵਲ ਰਮਣੀਕ ਸਿੰਘ ਫਰੀਡਮ ਹੀ ਆਨਰੇਰੀ ਸਕੱਤਰ ਚੁਣੇ ਗਏ ਹਨ।
ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਰਾਹੀਂ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਚੋਣ ਲਈ ਵੋਟਾਂ ਪਈਆਂ। ਚੋਣ ਅਧਿਕਾਰੀਆਂ ਦੀ ਨਿਗਰਾਨੀ ਅਤੇ ਸਖ਼ਤ ਸੁਰੱਖਿਆ ਵਿਚਾਲੇ 'ਚ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀਟੀ ਰੋਡ ਦੇ ਗੁਰਦੁਆਰਾ ਕਲਗੀਧਰ ਵਿੱਚ ਵੋਟਾਂ ਪਈਆਂ। ਮੈਂਬਰਾਂ ਅਤੇ ਮੁਲਾਜ਼ਮਾਂ ਨੂੰ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ ਸਨ। ਚੋਣ ਅਧਿਕਾਰੀ ਇੰਜੀਨੀਅਰ ਜਸਪਾਲ ਸਿੰਘ, ਐਡਵੋਕੇਟ ਇੰਦਰਜੀਤ ਸਿੰਘ ਅੜੀ, ਪ੍ਰੋ. ਸੁਖਬੀਰ ਸਿੰਘ ਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਦੇ ਕੁੱਲ ਮੈਂਬਰਾਂ ਦੀ ਗਿਣਤੀ 491 ਹੈ, ਜਿਨ੍ਹਾਂ ਵਿੱਚੋਂ 250 ਮੈਂਬਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹਨ ਜਦਕਿ ਬਾਕੀ 241 ਮੈਂਬਰ ਚੋਂ ਕੁੱਝ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆ ਚੋਂ ਅਤੇ ਕੁੱਝ ਵਿਦੇਸ਼ ਤੋਂ ਵੀ ਸਨ।
ਮੌਜੂਦਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਜੋ ਕਿ ਮੁੜ ਤੋਂ ਪ੍ਰਧਾਨਗੀ ਲਈ ਚੋਣ ਲੜ ਰਹੇ ਸਨ। ਜਿਨ੍ਹਾਂ 247 ਨੂੰ ਵੋਟਾਂ ਹਾਸਲ ਹੋਈਆਂ। ਜਦਕਿ ਉਨ੍ਹਾਂ ਦੇ ਧੜੇ ਨਾਲ ਸਬੰਧਤ ਆਨਰੇਰੀ ਸਕੱਤਰ ਦੇ ਉਮੀਦਵਾਰ ਅਜੀਤ ਸਿੰਘ ਬਸਰਾ 154 ਅਤੇ ਸਵਿੰਦਰ ਸਿੰਘ ਕਥੂਨੰਗਲ 221, ਮੀਤ ਪ੍ਰਧਾਨ ਦੇ ਉਮੀਦਵਾਰ ਜਗਜੀਤ ਸਿੰਘ 212 ਤੇ ਸੰਤੋਖ ਸਿੰਘ ਸੇਠੀ 242 ਅਤੇ ਸਥਾਨਕ ਪ੍ਰਧਾਨ ਦੇ ਉਮੀਦਵਾਰ ਕੁਲਜੀਤ ਸਿੰਘ ਸਾਹਨੀ 226 ਨੂੰ ਵੋਟਾਂ ਹਾਸਲ ਹੋਈਆਂ।
ਜਦਕਿ ਪ੍ਰਧਾਨਗੀ ਦੇ ਉਮੀਦਵਾਰ ਸਿੱਖ ਚਿੰਤਕ ਅਤੇ ਸਾਬਕਾ ਚੀਫ ਇਨਕਮ ਟੈਕਸ ਕਮਿਸ਼ਨਰ ਸੁਰਿੰਦਰਜੀਤ ਸਿੰਘ ਪਾਲ ਨੂੰ 150 ਵੋਟਾਂ ਹਾਸਲ ਹੋਈਆਂ। ਆਨਰੇਰੀ ਸਕੱਤਰ ਦੇ ਉਮੀਦਵਾਰ ਡਾ. ਜਸਵਿੰਦਰ ਸਿੰਘ ਢਿਲੋਂ 186 ਤੇ ਰਮਨੀਕ ਸਿੰਘ ਫ੍ਰੀਡਮ 217 , ਮੀਤ ਪ੍ਰਧਾਨ ਦੇ ਉਮੀਦਵਾਰ ਅਮਰਜੀਤ ਸਿੰਘ ਬਾਂਗਾ 150 ਅਤੇ ਸਰਬਜੀਤ ਸਿੰਘ 180 ਅਤੇ ਸਥਾਨਕ ਪ੍ਰਧਾਨ ਦੇ ਉਮੀਦਵਾਰ ਸੁਖਦੇਵ ਸਿੰਘ ਮੱਤੇਵਾਲ ਨੂੰ 165 ਵੋਟਾਂ ਹਾਸਲ ਹੋਈਆਂ।
1902 ਈਸਵੀ 'ਚ ਬਣੀ ਸਿੱਖੀ ਦੀ ਵਿਰਾਸਤ ਦੀ ਪੁਰਾਣੀ ਸੰਸਥਾ ਚੀਫ ਖਾਲਸਾ ਦੀਵਾਨ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਦੀ ਹੈ। ਇਸ ਸੰਸਥਾ ਦੇ ਪਹਿਲਾਂ ਕੁੱਲ 517 ਮੈਂਬਰ ਸੀ ਪਰ ਹੁਣ ਮੌਜੂਦਾ ਸਿਰਫ 491 ਮੈਂਬਰ ਹੀ ਨੇ, 11 ਮਾਰਚ 2022 ਨੂੰ ਪ੍ਰਧਾਨ ਸਰਦਾਰ ਨਿਰਮਲ ਸਿੰਘ ਦੀ ਮੌਤ ਹੋਣ ਤੋਂ ਬਾਅਦ ਡਾਕਟਰ ਇੰਦਰਬੀਰ ਸਿੰਘ ਨਿੱਜਰ ਕਾਰਜਕਾਰੀ ਪ੍ਰਧਾਨ ਬਣੇ ਸੀ, ਉਸ ਤੋਂ ਬਾਅਦ ਮਈ 2022 ਨੂੰ ਮੁੜ ਤੋਂ ਚੋਣ ਹੋਈ ਸੀ ਜਿਸਦੇ ਵਿੱਚ ਇੰਦਰਬੀਰ ਸਿੰਘ ਨਿੱਜਰ ਮੁੜ ਤੋਂ ਪ੍ਰਧਾਨ ਬਣ ਗਏ ਸਨ।