AAP Protest: ਪੰਜਾਬ ਦੇ ਪਾਣੀਆਂ ਉਤੇ ਭਾਜਪਾ ਵੱਲੋਂ ਡਾਕਾ ਮਾਰ ਕੇ ਹਰਿਆਣਾ ਨੂੰ ਦੇਣ ਨੂੰ ਲੈ ਕੇ ਪੰਜਾਬ ਭਰ ਵਿੱਚ ਰੋਸ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਅੱਜ ਪੂਰੇ ਪੰਜਾਬ ਵਿੱਚ ਭਾਜਪਾ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੀ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਦਾ ਪਾਣੀ ਜ਼ਬਰਦਸਤੀ ਹਰਿਆਣਾ ਨੂੰ ਦੇ ਰਹੀ ਹੈ। ਭਾਜਪਾ ਪੰਜਾਬ ਦੇ ਪਾਣੀਆਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ।
ਅੱਜ ਪੂਰੇ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਪਾਣੀ ਦੇ ਮੁੱਦਿਆਂ ਦੇ ਉੱਤੇ ਬੀਜੇਪੀ ਆਗਆਂ ਦੇ ਘਰਾਂ ਦੀ ਘਿਰਾਓ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਵੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਈਟੀਓ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਬੀਜੇਪੀ ਦੇ ਸੀਨੀਅਰ ਲੀਡਰ ਤਰੁਣ ਚੁੱਘ ਦੇ ਘਰ ਦਾ ਘਿਰਾਓ ਕੀਤਾ ਗਿਆ।
ਬੀਤੀ ਦੇਰ ਰਾਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਪੰਜਾਬ ਦਾ 8500 ਕਿ ਕਿਊਸਿਕ ਪਾਣੀ ਹਰਿਆਣਾ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਰੋਸ ਵਜੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।
ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅੱਜ ਭਾਜਪਾ ਦੇ ਸੀਨੀਅਰ ਲੀਡਰ ਤਰੁਣ ਚੁੱਘ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਹਰ ਵਾਰ ਪੰਜਾਬ ਦੇ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕੋਲੋਂ ਅੱਗੇ ਹੀ ਪਾਣੀ ਨਹੀਂ ਹੈ ਉਹ ਕਿਸ ਤਰ੍ਹਾਂ ਪੰਜਾਬ ਦਾ ਪਾਣੀ ਹਰਿਆਣਾ ਵਿੱਚ ਦੇਣ।
ਉਨ੍ਹਾਂ ਨੇ ਕਿਹਾ ਕਿ ਅੱਜ ਉਹ ਸੜਕਾਂ ਉਤੇ ਉਤਰੇ ਹਨ ਅਤੇ ਆਉਣ ਵਾਲੇ ਦਿਨਾਂ ਉਤੇ ਉਨ੍ਹਾਂ ਵੱਲੋਂ ਹੋਰ ਵੀ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਵੀ ਆਪਣਾ ਸਟੈਂਡ ਸਪੱਸ਼ਟ ਕਰੇ ਕਿ ਉਹ ਪੰਜਾਬ ਦੇ ਪਾਣੀਆਂ ਦੇ ਨਾਲ ਹੈ ਕਿ ਨਹੀਂ ਅਤੇ ਪੰਜਾਬ ਬੀਜੇਪੀ ਲੀਡਰਸ਼ਿਪ ਨੂੰ ਵੀ ਚਾਹੀਦਾ ਹੈ ਕਿ ਉਹ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਸੜਕਾਂ ਉਤੇ ਵੀ ਉਤਰਿਆ ਜਾਵੇਗਾ ਤੇ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।