Tarn Taran Murder: ਪੰਜਾਬ ਵਿੱਚ ਆੜ੍ਹਤੀ ਦਾ ਗੋਲੀਆਂ ਮਾਰ ਕੇ ਕਤਲ ਦੀ ਖ਼ਬਰ ਸਾਹਮਣੇ ਆ ਰਹੀ ਹੈ। ਤਰਨਤਾਰਨ ਦੇ ਪਿੰਡ ਦੁਬਲੀ ਵਿੱਚ ਸਾਬਕਾ ਫੌਜੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਸਵੰਤ ਸਿੰਘ ਦੀ ਪਿੰਡ ਵਿੱਚ ਖਾਦ ਤੇ ਦਵਾਈਆਂ ਦੀ ਦੁਕਾਨ ਸੀ ਤੇ ਉਹ ਆੜ੍ਹਤੀ ਵੀ ਸੀ। ਸਵੇਰੇ ਜਦ ਉਨ੍ਹਾਂ ਨੇ ਦੁਕਾਨ ਖੋਲ੍ਹੀ ਤਾਂ ਮੋਟਰਸਾਈਕਲ ਸਵਾਰ ਨੇ ਦੁਕਾਨ ਵਿੱਚ ਵੜ੍ਹ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਤਿੰਨ ਗੋਲੀਆਂ ਲੱਗਣ ਨਾਲ ਜਸਵੰਤ ਸਿੰਘ ਦੀ ਮੌਤ ਹੋ ਗਈ ਤੇ ਮੋਟਰਸਾਈਕਲ ਮੌਕੇ ਤੋਂ ਫ਼ਰਾਰ ਹੋ ਗਿਆ। ਕਾਬਿਲੇਗੌਰ ਹੈ ਕਿ ਜਸਵੰਤ ਸਿੰਘ ਦੀ ਫਿਰੌਤੀ ਵੀ ਮੰਗੀ ਗਈ ਸੀ। ਇਸ ਦੀ ਸ਼ਿਕਾਇਤ ਉਨ੍ਹਾਂ ਨੇ ਕਈ ਵਾਰ ਪੁਲਿਸ ਕੀਤੀ ਪਰ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ।
ਜਦੋਂ ਸਵੇਰੇ ਕਰੀਬ 6:30 ਵਜੇ ਆਪਣੀ ਆੜ੍ਹਤ ਉੱਪਰ ਮੌਜੂਦ ਸੀ ਤਾਂ ਇਕ ਅਣਪਛਾਤੇ ਮੋਟਰਸਾਈਕਲ ਚਾਲਕ ਵੱਲੋਂ ਉਸ ਦੀ ਆੜ੍ਹਤ ਅੰਦਰ ਆ ਕੇ ਕਾਊਂਟਰ ਉੱਪਰ ਮੌਜੂਦ ਜਸਵੰਤ ਸਿੰਘ ਉੱਪਰ ਪਿਸਤੌਲ ਨਾਲ ਤਿੰਨ ਗੋਲੀਆਂ ਚਲਾਉਂਦੇ ਹੋਏ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਵੱਲੋਂ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਵੇਲੇ ਆੜ੍ਹਤ ਵਿਚ ਜਸਵੰਤ ਸਿੰਘ ਦਾ ਭਤੀਜਾ ਅਤੇ ਕਣਕ ਸੁੱਟਣ ਆਇਆ ਇਕ ਜਿਮੀਂਦਾਰ ਵੀ ਮੌਜੂਦ ਸੀ। ਜਸਵੰਤ ਸਿੰਘ ਦੇ ਸਿਰ ਉੱਪਰ ਇਕ ਗੋਲੀ ਅਤੇ ਛਾਤੀ ਵਿਚ ਦੋ ਗੋਲੀਆਂ ਵੱਜੀਆਂ ਹਨ।
ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੱਟੀ ਵੱਲ ਫਰਾਰ ਹੋ ਗਿਆ। ਇਹ ਸਾਰੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ ਜਿਸ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਜਸਵੰਤ ਸਿੰਘ ਪਾਸੋਂ ਬੀਤੇ ਸਮੇਂ ਦੌਰਾਨ ਕਈ ਵਾਰ ਫਿਰੌਤੀ ਮੰਗੀ ਗਈ ਸੀ ਜਿਸ ਤੋਂ ਬਾਅਦ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਪਰ ਕੋਈ ਕਾਨੂੰਨੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਜਸਵਿੰਦਰ ਸਿੰਘ ਪਿੰਡ ਕੋਟ ਬੁੱਢਾ ਵਿਖੇ ਵੀ ਆਪਣੀ ਵੱਖਰੀ ਦੂਜੀ ਆੜ੍ਹਤ ਵੀ ਕਰਦਾ ਸੀ। ਫਿਲਹਾਲ ਵਾਰਦਾਤ ਤੋਂ ਬਾਅਦ ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।