Khanna News: ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਦੋਰਾਹਾ ਵਿੱਚ ਤਾਇਨਾਤ ਖੇਤੀਬਾੜੀ ਅਫ਼ਸਰ ਰਾਮ ਸਿੰਘ ਪਾਲ ਨੂੰ ਭ੍ਰਿਸ਼ਟਾਚਾਰ ਦੇ ਗੰਭੀਰ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਵਿਭਾਗ ਵੱਲੋਂ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਡਾ. ਬਸੰਤ ਗਰਗ (ਪ੍ਰਬੰਧ ਸਕੱਤਰ) ਵੱਲੋਂ ਜਾਰੀ ਹੁਕਮਾਂ ਅਨੁਸਾਰ, ਮੁਅੱਤਲੀ ਦੌਰਾਨ ਰਾਮ ਸਿੰਘ ਪਾਲ ਦਾ ਮੁੱਖ ਦਫ਼ਤਰ ਐਸਏਐਸ ਨਗਰ ਵਿਖੇ ਸਥਿਤ ਖੇਤੀ ਭਵਨ ਨੂੰ ਨਿਰਧਾਰਤ ਕੀਤਾ ਗਿਆ ਹੈ।
ਯਾਦ ਰਹੇ ਕਿ ਰਾਮ ਸਿੰਘ ਪਾਲ ਨੂੰ 5 ਮਈ 2025 ਨੂੰ ਵਿਜੀਲੈਂਸ ਫਤਹਿਗੜ੍ਹ ਸਾਹਿਬ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਗ੍ਰਿਫ਼ਤਾਰੀ ਐਫਆਈਆਰ ਨੰਬਰ 28 ਤਾਰੀਕ 16 ਅਗਸਤ 2023 ਤਹਿਤ ਕੀਤੀ ਗਈ ਸੀ, ਜਿਸ ਵਿੱਚ ਕਈ ਹੋਰ ਅਧਿਕਾਰੀ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ। ਇਹ ਮਾਮਲਾ 16 ਜੁਲਾਈ 2018 ਨੂੰ ਮਨੋਹਰ ਲਾਲ ਅਗਰਵਾਲ ਐਂਡ ਸੰਨਜ਼, ਸਰਹਿੰਦ ਵਿਖੇ ਕੀਤੀ ਜਾਂਚ ਨਾਲ ਜੁੜਿਆ ਹੋਇਆ ਹੈ।
ਉਸ ਵੇਲੇ ਰਾਮ ਸਿੰਘ ਪਾਲ ਫਤਿਹਗੜ੍ਹ ਸਾਹਿਬ ਵਿੱਚ ਏਡੀਓ ਸਨ। ਛਾਪੇਮਾਰੀ ਦੌਰਾਨ 14 ਨਮੂਨੇ ਲਏ ਗਏ, ਜਿਨ੍ਹਾਂ ਵਿੱਚੋਂ 8 ਲੁਧਿਆਣਾ ਲੈਬ ਭੇਜੇ ਗਏ। ਉਨ੍ਹਾਂ ਵਿੱਚੋਂ 3 ਨਮੂਨੇ ਫੇਲ੍ਹ ਹੋਏ, ਜੋ ਬਾਅਦ ਵਿੱਚ ਗਾਇਬ ਹੋ ਗਏ ਅਤੇ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ। ਵਿਜੀਲੈਂਸ ਨੇ ਲੰਮੀ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਅਤੇ ਰਾਮ ਸਿੰਘ ਪਾਲ ਨੂੰ ਅਦਾਲਤ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : Constable Amandeep Kaur: ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਕੋਠੀ ਉਤੇ ਫ੍ਰੀਜਿੰਗ ਦੇ ਆਰਡਰ ਲਗਾਏ
ਹੁਣ ਖੇਤੀਬਾੜੀ ਵਿਭਾਗ ਵੱਲੋਂ ਵੀ ਅੰਦਰੂਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਭਾਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੌਲਰੈਂਸ ਨੀਤੀ ਅਪਣਾਈ ਜਾਵੇਗੀ ਅਤੇ ਅਜਿਹੇ ਮਾਮਲਿਆਂ ਵਿੱਚ ਕੋਈ ਢਿੱਲ ਨਹੀਂ ਬਰਤੀ ਜਾਵੇਗੀ।
ਇਹ ਵੀ ਪੜ੍ਹੋ : Ludhiana News: ਮਾਸੂਮ ਬੱਚੀ ਦੇ ਜਨਮ ਦਿਨ ਦੀ ਪਾਰਟੀ ਮੌਕੇ 30-40 ਬਦਮਾਸ਼ਾਂ ਨੇ ਕੀਤਾ ਹਮਲਾ; ਕਈ ਜ਼ਖ਼ਮੀ