Amritsar News (ਭਰਤ ਸ਼ਰਮਾ): ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਭੂਰੇ ਗਿੱਲ ਵਿਖੇ ਨਸ਼ਿਆ ਤਸਕਰ ਗਗਨਦੀਪ ਸਿੰਘ ਦੇ ਘਰ ਤੇ ਪ੍ਰਸ਼ਾਸਨ ਵੱਲੋ ਆਪਣਾ ਪੀਲਾ ਪੰਜਾ ਚਲਾਇਆ ਗਿਆ ਹੈ, ਪੁਲਿਸ ਮੁਤਾਬਿਕ ਗਗਨਦੀਪ ਸਿੰਘ ਇੱਕ ਵੱਡਾ ਨਸ਼ਾ ਤਸਕਰ ਹੈ ਅਤੇ ਇਸ ਉੱਪਰ 6 ਦੇ ਕਰੀਬ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ, ਜਿਸ ਕਰਕੇ ਅੱਜ ਨਸ਼ਾ ਤਸਕਰ ਦੇ ਘਰ ਨੂੰ ਡਿਮੋਲਿਸ਼ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ DGP ਦੇ ਨਿਰਦੇਸ਼ਾ ਮੁਤਾਬਿਕ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕੇ ਨਸ਼ਾ ਤਸਕਰ ਗਗਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਨਸ਼ੇ ਦਾ ਧੰਦਾ ਕਰਦਾ ਹੈ। ਇਸ ਨਸ਼ਾ ਤਸਕਰ ਦੇ ਉੱਪਰ ਛੇ ਦੇ ਕਰੀਬ NDPS ਐਕਟ ਦੇ ਮਾਮਲੇ ਦਰਜ ਹਨ ਅਤੇ ਇਹ ਕਮਰਸ਼ੀਅਲ ਕੁਆਂਟੀ ਵਿੱਚ ਨਸ਼ੇ ਦਾ ਧੰਦਾ ਕਰਦਾ ਹੈ। ਇਸ ਵਿਰੁੱਧ ਵੱਖ-ਵੱਖ ਜ਼ਿਲਿਆਂ ਚ ਮਾਮਲੇ ਦਰਜ ਹਨ। ਫਿਲਹਾਲ ਨਸ਼ਾ ਤਸਕਰ ਗਗਨਦੀਪ ਸਿੰਘ ਭਗੌੜਾ ਹੈ। ਉਹਨਾਂ ਦੱਸਿਆ ਕਿ ਅੱਜ ਉਸਦੇ ਦੇ ਘਰ ਨੂੰ ਬੀਡੀਪੀਓ ਵਿਭਾਗ ਦੀ ਮਦਦ ਨਾਲ ਡਿਮੋਲਿਸ਼ ਕੀਤਾ ਗਿਆ ਹੈ।
ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਨਸ਼ਾ ਤਸਕਰਾਂ ਨੂੰ ਸ਼ਖਤ ਤਾੜਨਾ ਦਿੰਦੇ ਹੋਏ ਕਿਹਾ ਕੇ ਨਸ਼ਾ ਤਸਕਰ ਆਪਣਾ ਇਹ ਨਸ਼ੇ ਦਾ ਧੰਦਾ ਕਰਨਾ ਬੰਦ ਕਰ ਦੇਣ ਨਹੀਂ ਤਾ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਘਰਾਂ ਉੱਪਰ ਵੀ ਇਸੇ ਤਰੀਕੇ ਨਾਲ ਐਕਸ਼ਨ ਕੀਤਾ ਜਾਵੇਗਾ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਿਲ ਨਸ਼ੇ ਦੇ ਵਪਾਰੀਆਂ ਨੂੰ ਜੇਲ੍ਹਾਂ ਅੰਦਰ ਬੰਦ ਕੀਤਾ ਜਾਵੇਗਾ।