Amritsar News(ਪਰਮਬੀਰ ਔਲਖ): ਸ੍ਰੀ ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਨੂੰ RDX ਨਾਲ ਉਡਾਉਣ ਦੀ ਧਮਕੀ ਵਾਲੀ ਦੂਜੀ ਈਮੇਲ ਅੱਜ ਮੁੜ ਤੋਂ ਮਿਲੀ, ਜਿਸ ਕਾਰਨ ਸੁਰੱਖਿਆ ਏਜੰਸੀਆਂ ‘ਚ ਹਲਚਲ ਮਚ ਗਈ। ਬੀਐਸਐਫ (BSF) ਵੱਲੋਂ ਡੌਗ ਸਕਵੈਡ ਦੀ ਮਦਦ ਨਾਲ ਪੂਰੇ ਪਰੀਸਰ ਦੀ ਅੰਦਰੋਂ ਤੇ ਬਾਹਰੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ, ਪਰ ਕਿਤੇ ਵੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਜਾਂਚ ਤੋਂ ਬਾਅਦ ਇਹ ਈਮੇਲ ਵੀ ਪਹਿਲਾਂ ਵਾਂਗ ਹੀ ਫੇਕ ਸਾਬਤ ਹੋਈ।
SGPC ਨੇ ਸਰਕਾਰ ਅਤੇ ਏਜੰਸੀਆਂ ਦੀ ਨਾਕਾਮੀ ਦੱਸੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਕੱਤਰ ਪ੍ਰਤਾਪ ਸਿੰਘ ਨੇ ਗਹਿਰੀ ਚਿੰਤਾ ਜਤਾਈ ਅਤੇ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਜਿਹੀਆਂ ਫੇਕ ਈਮੇਲਾਂ ਲਗਾਤਾਰ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦੀ ਪਿੱਛੇ ਕੋਈ ਧਰਮ ਨਹੀਂ, ਸਿਰਫ਼ ਵਿਗਾੜ ਪੈਦਾ ਕਰਨ ਅਤੇ ਸੰਗਤਾਂ ਵਿਚ ਡਰ ਦਾ ਮਾਹੌਲ ਬਣਾਉਣ ਦੀ ਸਾਜ਼ਿਸ਼ ਹੈ।
ਉਨ੍ਹਾਂ ਦੱਸਿਆ, “ਜੇਕਰ ਪਹਿਲੀ ਵਾਰੀ ਮਿਲੀ ਈਮੇਲ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਅਤੇ ਸਖ਼ਤ ਕਾਰਵਾਈ ਕੀਤੀ ਜਾਂਦੀ, ਤਾਂ ਅੱਜ ਦੁਬਾਰਾ ਈਮੇਲ ਨਾ ਆਉਂਦੀ। ਇਹ ਸਰਕਾਰ, ਕੇਂਦਰੀ ਏਜੰਸੀਆਂ ਅਤੇ ਪੁਲਿਸ ਦੀ ਨਾਕਾਮੀ ਹੈ। ਇਹ ਥਾਂ ਧਾਰਮਿਕ ਹੈ, ਇੱਥੇ ਕੋਈ ਕੁਝ ਵਿਗਾੜ ਨਹੀਂ ਸਕਦਾ, ਕਿਉਂਕਿ ਇੱਥੇ ਸਵੈ ਰੂਪਿ ਗੁਰੂ ਮਹਾਰਾਜ ਬਿਰਾਜਮਾਨ ਹਨ।”
ਸੰਗਤਾਂ 'ਚ ਵਿਸ਼ਵਾਸ ਕਾਇਮ
ਧਮਕੀ ਦੇ ਬਾਵਜੂਦ ਸੰਗਤਾਂ ਦਾ ਉਤਸ਼ਾਹ ਘਟਿਆ ਨਹੀਂ। SGPC ਨੇ ਦੱਸਿਆ ਕਿ ਹਜ਼ਾਰਾਂ ਸੰਗਤਾਂ ਹਰ ਰੋਜ਼ ਦੀ ਤਰ੍ਹਾਂ ਆ ਰਹੀਆਂ ਹਨ ਅਤੇ ਮੱਥਾ ਟੇਕ ਰਹੀਆਂ ਹਨ। ਸੰਗਤਾਂ ਨੂੰ ਪਰਮਾਤਮਾ ਉੱਤੇ ਪੂਰਾ ਭਰੋਸਾ ਹੈ।
ਮਾਮਲੇ 'ਚ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ
SGPC ਨੇ ਸਰਕਾਰ ਨੂੰ ਸੂਚਿਤ ਕਰਦਿਆਂ ਮੰਗ ਕੀਤੀ ਹੈ ਕਿ ਅਜਿਹੀਆਂ ਝੂਠੀਆਂ ਈਮੇਲਾਂ ਭੇਜਣ ਵਾਲਿਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ, “ਇਹ ਲੋਕ ਜਾਨ ਬੁੱਝ ਕੇ ਭੈ ਦਾ ਮਾਹੌਲ ਪੈਦਾ ਕਰ ਰਹੇ ਹਨ, ਇਨ੍ਹਾਂ ਨੂੰ ਕਾਬੂ ਕਰਨਾ ਸਰਕਾਰ ਅਤੇ ਪੁਲਿਸ ਦੀ ਜ਼ਿੰਮੇਵਾਰੀ ਹੈ।”