Amritsar News: ਅੰਮ੍ਰਿਤਸਰ ਦੇ ਰਜਿੰਦਰ ਨਗਰ ਇਲਾਕੇ ਵਿਚ ਇੱਕ ਸਿੱਖ ਪਰਿਵਾਰ ਵਲੋਂ ਘਰ ਦੀ ਪਹਿਲੀ ਮੰਜ਼ਿਲ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ, ਜਦਕਿ ਉਸੇ ਘਰ ਦੇ ਹੇਠਲੇ ਹਿੱਸੇ ਵਿਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਮਿਲੀਆਂ। ਇਨ੍ਹਾਂ ਦੀ ਮੌਜੂਦਗੀ ਨੂੰ ਲੈ ਕੇ ਸਿੱਖ ਮਰਿਆਦਾ ਦੀ ਉਲੰਘਣਾ ਮੰਨਿਆ ਗਿਆ। ਜਿਵੇਂ ਹੀ ਇਸ ਦੀ ਸੂਚਨਾ ਸਤਿਕਾਰ ਕਮੇਟੀ ਨੂੰ ਮਿਲੀ, ਉਹ ਧਰਮ ਪ੍ਰਚਾਰ ਕਮੇਟੀ ਦੇ ਦੱਸਿਆਂ ਨਾਲ ਘਟਨਾ ਸਥਲ 'ਤੇ ਪਹੁੰਚੇ। ਉਨ੍ਹਾਂ ਨੇ ਤੁਰੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਉਥੋਂ ਹਟਾ ਕੇ ਗੁਰੂਦੁਆਰਾ ਰਾਮਸਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ।
ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁਛਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਜਿਨ੍ਹਾਂ ਨੇ ਘਰ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਸੀ, ਉਹ ਅੰਮ੍ਰਿਤਧਾਰੀ ਨਹੀਂ ਸਨ ਅਤੇ ਪੀੜਿਆਂ ਉੱਤੇ ਗੁਰੂ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ, ਜੋ ਸਿੱਖ ਰੀਤ ਰਿਵਾਜਾਂ ਦੇ ਸਖ਼ਤ ਉਲਟ ਹੈ।
ਮਰਿਆਦਾ ਭੰਗ ਕਰਨ ਵਾਲੇ ਪਰਿਵਾਰ ਵੱਲੋਂ ਖੁਲ੍ਹ ਕੇ ਮਾਫੀ ਮੰਗੀ ਗਈ, ਅਤੇ ਭਵਿੱਖ ਵਿੱਚ ਅਜਿਹੇ ਘਟਨਾਵਾਂ ਤੋਂ ਬਚਣ ਦੀ ਗੱਲ ਕੀਤੀ ਗਈ। ਸਤਿਕਾਰ ਕਮੇਟੀ ਵਲੋਂ ਸੰਗਤ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਕੋਲ ਗੁਰੂ ਮਹਾਰਾਜ ਦੇ ਸਰੂਪ ਦੀ ਸੰਭਾਲ ਸਹੀ ਢੰਗ ਨਾਲ ਨਹੀਂ ਹੋ ਸਕਦੀ, ਤਾਂ ਉਨ੍ਹਾਂ ਨੂੰ ਤੁਰੰਤ ਸੂਚਨਾ ਦੇਣ ਅਤੇ ਵਿਹਾਰ ਮਰਿਆਦਾ ਮੁਤਾਬਕ ਕਾਰਵਾਈ ਕਰਵਾਉਣ।