Pathankot News: ਦੀਨਾਨਗਰ ਦੇ ਪਿੰਡ ਗਾਂਧੀਆਂ ਵਿਖੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਇੱਕ ਸ਼ਾਖਾ ਨੂੰ ਅਣਪਛਾਤੇ ਵਿਅਕਤੀ ਵੱਲੋਂ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਪੂਰੀ ਘਟਨਾ ਬੈਂਕ 'ਚ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਬੈਂਕ ਮੈਨੇਜਰ ਸੰਦੀਪ ਅੱਤਰੀ ਨੇ ਦੱਸਿਆ ਕਿ: "ਰੋਜ਼ ਦੀ ਤਰ੍ਹਾਂ ਬੈਂਕ ਬੰਦ ਕਰਕੇ ਸਟਾਫ ਘਰ ਗਿਆ ਸੀ। ਸਵੇਰੇ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਬੈਂਕ ਨੂੰ ਅੱਗ ਲੱਗੀ ਹੋਈ ਹੈ। ਜਦ ਅਸੀਂ ਆ ਕੇ ਵੇਖਿਆ ਤਾਂ ਬੈਂਕ ਦੇ ਬਾਹਰਲੇ ਹਿੱਸੇ ਵਿੱਚ ਲੱਗੇ ਫਲੈਕਸੀ ਬੋਰਡ ਅਤੇ ਬਿਜਲੀ ਦੀਆਂ ਤਾਰਾਂ ਸੜ ਚੁੱਕੀਆਂ ਸਨ।"
ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ, ਤਾਂ ਇਸ ਵਿੱਚ ਇੱਕ ਨੌਜਵਾਨ ਵਿਅਕਤੀ ਰਾਤ ਕਰੀਬ 12 ਵਜੇ, ਹੱਥ ਵਿੱਚ ਪੈਟਰੋਲ ਦੀ ਕੈਨੀ ਲੈ ਕੇ ਬੈਂਕ ਦੇ ਬਾਹਰ ਆਉਂਦਾ ਦਿਖਾਈ ਦਿੰਦਾ ਹੈ। ਉਹ ਪਹਿਲਾਂ ਬੈਂਕ ਦੀ ਇਮਾਰਤ 'ਤੇ ਪੈਟਰੋਲ ਛਿੜਕਦਾ ਹੈ ਅਤੇ ਫਿਰ ਅੱਗ ਲਗਾ ਦਿੰਦਾ ਹੈ। ਘਟਨਾ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ
ਬੈਂਕ ਪ੍ਰਬੰਧਕਾਂ ਵੱਲੋਂ ਤੁਰੰਤ ਦੀਨਾਨਗਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।