Shambhu Border News: ਸ਼ੰਭੂ ਸਰਹੱਦ 'ਤੇ ਕਿਸਾਨ ਮੋਰਚੇ 'ਤੇ ਡਟੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਉਸ ਦੀ ਸਿਹਤ ਵਿਗੜਨ ਤੋਂ ਬਾਅਦ ਕਿਸਾਨ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਆਗੂ ਦੀ ਪਛਾਣ ਬਲਵਿੰਦਰ ਸਿੰਘ (72) ਵਜੋਂ ਹੋਈ ਹੈ। ਉਹ ਮੋਗਾ ਦਾ ਰਹਿਣ ਵਾਲਾ ਸੀ। ਬਲਵਿੰਦਰ ਸਿੰਘ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ।
ਹਾਲ ਹੀ ਵਿੱਚ ਸਰਕਾਰ ਦੀ ਉਦਾਸੀਨਤਾ ਤੇ ਅਣਗਹਿਲੀ ਕਾਰਨ ਉਹ ਸ਼ੰਭੂ ਸਰਹੱਦ ਉਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਹਿੱਸਾ ਬਣ ਗਿਆ। ਬਲਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਪਿੰਡ ਵਾਸੀ ਗਹਿਰੇ ਸੋਗ ਵਿੱਚ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਦੁਖਦਾਈ ਸਥਿਤੀ ਹੈ। ਕਿਸਾਨਾਂ ਨੂੰ ਆਪਣੇ ਅਜ਼ੀਜ਼ਾਂ ਦੀਆਂ ਲਾਸ਼ਾਂ ਨੂੰ ਮੋਢਿਆਂ 'ਤੇ ਚੁੱਕ ਕੇ ਪਿੰਡ ਲਿਜਾਣਾ ਪੈਂਦਾ ਹੈ।
ਜਿੱਥੇ ਬੀਤੇ ਕੱਲ੍ਹ ਦੇਸ਼ ਵਾਸੀ ਪਰਿਵਾਰਾਂ ਨਾਲ ਦੀਵਾਲੀ ਮਨਾ ਰਹੇ ਸਨ, ਠੀਕ ਉਸੇ ਸਮੇਂ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ 13 ਫਰਵਰੀ ਤੋਂ ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਤੇ ਗਏ ਦਿੱਲੀ ਚਲੋ ਦੇ ਸੱਦੇ ਨਾਲ ਸ਼ੁਰੂ ਹੋਏ ਨਿਰੰਤਰ ਜਾਰੀ ਅੰਦੋਲਨ ਵਿੱਚ ਸ਼ੰਭੂ ਬਾਰਡਰ ਮੋਰਚੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਸਬੰਧਤ ਕਿਸਾਨ ਬਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ (72) ਜ਼ਿਲ੍ਹਾ ਮੋਗਾ ਥਾਣਾ ਸਿਟੀ ਮੋਗਾ ਦੀ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਮੌਤ ਹੋਣ ਕਾਰਨ ਇੱਕ ਹੋਰ ਕਿਸਾਨ ਸਰਕਾਰ ਦੇ ਘਟੀਆ ਰਵੱਈਏ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਦਾ ਸ਼ਿਕਾਰ ਹੋ ਕੇ ਆਪਣਾ ਜੀਵਨ ਸੰਘਰਸ਼ ਦੇ ਲੇਖੇ ਲਗਾਉਂਦੇ ਹੋਏ ਸ਼ਹੀਦ ਹੋ ਗਿਆ।
ਇਹ ਜਾਣਕਾਰੀ ਕਿਸਾਨ ਅੰਦੋਲਨ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਪ੍ਰੈਸ ਨੋਟ ਰਾਹੀਂ ਸਾਂਝਾ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸ਼ਹੀਦ ਕਿਸਾਨ ਸਿਰਫ਼ 3 ਕਨਾਲ ਜ਼ਮੀਨ ਦਾ ਮਾਲਕ ਸੀ ਪਰ ਸ਼ਹੀਦ ਬਲਵਿੰਦਰ ਸਿੰਘ ਲੋਕ ਹਿੱਤਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਹਸਤੀ ਸਨ।
ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਗੜਨ ਪਿੱਛੋਂ ਉਨ੍ਹਾਂ ਨੂੰ ਸਿਵਲ ਹਸਪਤਾਲ, ਰਾਜਪੁਰਾ ਲਿਜਾਇਆ ਗਿਆ ਜਿਥੋਂ ਉਨ੍ਹਾਂ ਨੂੰ ਪਟਿਆਲੇ ਰੈਫਰ ਕੀਤਾ ਗਿਆ ਅਤੇ ਫਿਰ ਪਟਿਆਲੇ ਤੋਂ ਬਾਅਦ ਪੀਜੀਆਈ ਲਿਜਾਣਾ ਪਿਆ ਜਿੱਥੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ ਜਿਸਦੀ ਪੁਸ਼ਟੀ ਡਾਕਟਰਾਂ ਵੱਲੋਂ ਕੀਤੀ ਗਈ ਅਤੇ ਜਾਣਕਾਰੀ ਦੇਣ ਵੇਲੇ ਤੱਕ ਉਨ੍ਹਾਂ ਦੀ ਦੇਹ ਪੀਜੀਆਈ ਚੰਡੀਗੜ੍ਹ ਹੈ ਤੇ ਸਰਕਾਰ ਨੂੰ ਜਲਦ ਤੋਂ ਉਨ੍ਹਾਂ ਦਾ ਪੋਸਟਮਾਰਟਮ ਕਰਕੇ ਦੇ ਵਾਰਿਸਾਂ ਨੂੰ ਸੌਂਪਣ ਲਈ ਕਿਹਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਕਿਸਾਨ ਮੰਡੀਆਂ ਤੋਂ ਲੈ ਕੇ ਸੜਕਾਂ ਤੇ ਰੇਲ ਮਾਰਗਾਂ ਉਤੇ ਰੁਲ ਰਿਹਾ ਹੈ। ਇਸਦਾ ਕਾਰਨ ਸਪੱਸ਼ਟ ਹੈ ਕਿ ਸਰਕਾਰ ਛੋਟੇ ਕਿਸਾਨ ਨੂੰ ਖੇਤੀਬਾੜੀ ਵਿੱਚੋਂ ਬਾਹਰ ਕਰਕੇ ਖੇਤੀ ਸੈਕਟਰ ਕਾਰਪੋਰੇਟ ਦੇ ਹਵਾਲੇ ਕਰਕੇ ਇਸਨੂੰ ਸਸਤੀ ਲੇਬਰ ਰੂਪ ਵਿੱਚ ਵਰਤਣ ਦੀ ਤਿਆਰੀ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸ਼ਹੀਦ ਬਲਵਿੰਦਰ ਸਿੰਘ ਸਮੇਤ ਹੁਣ ਤੱਕ ਪਹਿਲੇ ਅਤੇ ਹੁਣ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸੈਂਕੜੇ ਕਿਸਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਸਦਕਾ ਹੀ ਕਿਸਾਨ ਮਜ਼ਦੂਰ ਸੰਘਰਸ਼ ਅੱਜ ਵੀ ਸਰਕਾਰਾਂ ਨੂੰ ਵੰਗਾਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਵਿਅਰਥ ਨਹੀਂ ਜਾਣਗੀਆਂ ਤੇ ਸਰਕਾਰ ਨੂੰ ਉਨ੍ਹਾਂ ਦੇ ਸੁਪਨਿਆਂ ਵਿਚਲੀਆਂ ਕਿਸਾਨ ਮਜ਼ਦੂਰ ਪੱਖੀ ਨੀਤੀਆਂ ਬਣਾਉਣ ਤੇ ਮਜਬੂਰ ਹੋਣਾ ਪਵੇਗਾ ਨਹੀਂ ਤਾਂ ਲੋਕ ਸਿਆਸਤਦਾਨਾਂ ਲੋਕ ਲਹਿਰ ਰਾਹੀਂ ਸਬਕ ਸਿਖਾਉਣਗੇ।
ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਮਾਲੀ ਸਹਾਇਤਾ ਦੇ ਨਾਲ ਨਾਲ ਪਰਿਵਾਰ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ਲਗਾਤਾਰ ਆਪਣੀ ਲੈਅ ਵਿੱਚ ਅੱਗੇ ਵਧ ਰਿਹਾ ਹੈ। ਲੋਕਾਂ ਵਿੱਚ ਇਸਨੂੰ ਲੈ ਕੇ ਜਾਗਰੂਕਤਾ ਵਧ ਰਹੀ ਹੈ।