Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਈ ਮਨਜੀਤ ਸਿੰਘ, ਜਥੇਦਾਰ ਮਿੱਠੂ ਸਿੰਘ ਕਾਹਨੇਕੇ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਮਲਕੀਤ ਸਿੰਘ ਚੰਗਾਲ ਵੱਲੋਂ ਸਾਂਝੇ ਤੌਰ ਜਾਰੀ ਬਿਆਨ ਵਿੱਚ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਿਸ ਇਕਪਾਸੜ ਪੜਤਾਲੀਆ ਰਿਪੋਰਟ ਦੇ ਆਧਾਰ ਉਤੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਬਦਲਾਲਊ ਭਾਵਨਾ ਤਹਿਤ ਕਾਰਵਾਈ ਕੀਤੀ ਗਈ, ਉਸ ਪੜਤਾਲੀਆ ਰਿਪੋਰਟ ਨੂੰ ਰੱਦ ਕੀਤਾ ਜਾਵੇ।
ਇਸ ਨਾਲ ਹੀ ਐਸਜੀਪੀਸੀ ਮੈਂਬਰਾਂ ਨੇ ਸਮੂਹਿਕ ਮੰਗ ਚੁੱਕਦਿਆਂ ਕਿਹਾ ਕਿ ਹੁਣ ਪੜਤਾਲੀਆ ਕਮੇਟੀ ਦੀ ਰਿਪੋਰਟ ਅੰਤ੍ਰਿੰਗ ਕਮੇਟੀ ਨੇ ਰੱਖ ਦਿੱਤੀ ਹੈ। ਸੰਗਤ ਦੀ ਭਾਵਨਾ ਮੁਤਾਬਕ ਇਸ ਪੜਤਾਲੀਆ ਰਿਪੋਰਟ ਨੂੰ ਵੀ ਪੜਤਾਲ ਕੀਤਾ ਜਾਵੇ ਕਿ ਕਿਸ ਕਦਰ ਇਕਪਾਸੜ, ਤੱਥਹੀਣ, ਕੋਰੇ ਝੂਠ ਦੇ ਆਧਾਰ ਉਤੇ ਕਾਰਵਾਈ ਕਰ ਦਿੱਤੀ ਗਈ, ਜਦੋਂ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਵਰਗੀ ਕੌਮ ਦੀ ਨੁਮਾਇਦਾ ਜਮਾਤ ਵਿਚੋਂ ਦਸ ਸਾਲ ਪਾਬੰਦੀ ਵਾਲੇ ਲੀਡਰ ਨੇ ਇਸ ਰਿਪੋਰਟ ਨੂੰ ਆਪਣੇ ਰਸੂਖ ਨਾਲ ਤਿਆਰ ਕਰਵਾਇਆ, ਜਿਸ ਲਈ ਇਹ ਰਿਪੋਰਟ ਮਹਿਜ ਤੇ ਮਹਿਜ ਕਿੜ ਕੱਢਣ ਲਈ ਤਿਆਰ ਹੋਈ।
ਐਸਜੀਪੀਸੀ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਕਿਹਾ ਕਿ ਇਸ ਝੂਠੀ ਰਿਪੋਰਟ ਦੇ ਆਧਾਰ ਉਤੇ ਤਖਤਾਂ ਦੀ ਪ੍ਰਭੂਸੱਤਾ, ਸਰਵਉਚਤਾ ਅਤੇ ਸੰਕਲਪ ਖਿਲਾਫ਼ ਜਾਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਧਿਕਾਰ ਖੇਤਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ। ਜਿਸ ਨਾਲ ਦੁਨੀਆਂ ਭਰ ਵਿੱਚ ਤਖਤਾਂ ਦੀ ਮਹਾਨਤਾ ਨੂੰ ਠੇਸ ਪਹੁੰਚੀ ਹੈ। ਇਸ ਲਈ ਮੈਂਬਰਾਂ ਨੇ ਪੁਰਜ਼ੋਰ ਅਪੀਲ ਕੀਤੀ ਕਿ ਇਸ ਪੜਤਾਲੀਆ ਕਮੇਟੀ ਨੂੰ ਖੁਦ-ਬ-ਖੁਦ ਜਦੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੁਰਾਂ ਰੱਦ ਕਰਦੇ ਹੋਏ, ਕਿਸੇ ਜਾਂਚ ਦੀ ਜ਼ਰੂਰਤ ਨਹੀਂ ਸਮਝੀ ਸੀ ਤਾਂ ਇਸ ਦੇ ਬਾਵਜੂਦ ਕਿਸ ਹਿੰਡ ਹੱਠ ਨਾਲ ਇਹ ਪੜਤਾਲੀਆਂ ਕਮੇਟੀ ਕੰਮ ਕਰਦੀ ਰਹੀ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੁਰਾਂ ਨੂੰ ਆਪਣੇ ਵੱਲੋਂ ਦਿੱਤੇ ਆਪਣੇ ਬਿਆਨਾਂ ਉਤੇ ਪਹਿਰਾ ਦੇਣ ਦਾ ਸਮਾਂ ਆ ਗਿਆ।
ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਸੱਤਾ ਕਾਲ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪੰਥ ਵਿਰੋਧੀ ਗੁਨਾਹ ਕੀਤੇ, ਉਨ੍ਹਾਂ ਨੂੰ ਮੰਨਣ ਉਪਰੰਤ ਮਿਲੀ ਧਾਰਮਿਕ ਸੇਵਾ ਦੇ ਏਵੱਜ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ, ਜਿਹੜਾ ਕਿ ਪਹਿਲਾਂ ਕੀਤੇ ਗੁਨਾਹਾਂ ਤੋਂ ਕੀਤਾ ਗਿਆ ਇੱਕ ਹੋਰ ਵੱਡਾ ਗੁਨਾਹ ਹੈ।
ਇਸ ਮੌਕੇ ਐਸਜੀਪੀਸੀ ਮੈਬਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫ਼ੇ ਦੀ ਮੰਗ ਕਰਿਦਆਂ ਕਿਹਾ ਕਿ ਧਾਮੀ ਸਾਹਿਬ ਨੇ ਕੌਮ ਅਤੇ ਪੰਥ ਦੀ ਭਾਵਨਾ ਦੇ ਉਲਟ ਉਸ ਧੜੇ ਦੀ ਅਧੀਨਤਾ ਸਵੀਕਾਰ ਕੀਤੀ। ਜਾਰੀ ਬਿਆਨ ਵਿੱਚ ਮੈਂਬਰਾਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਦਾ ਇਖਲਾਕੀ ਫਰਜ਼ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਅਜਿਹੀਆਂ ਪੰਥ ਵਿਰੋਧੀ ਸਾਜਿਸਾਂ ਰਚੀਆਂ ਜਾ ਰਹੀਆਂ ਹੋਣ ਉਸ ਵਕਤ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ ਪਰ ਧਾਮੀ ਸਾਹਿਬ ਨੇ ਇਨ੍ਹਾਂ ਸਾਜ਼ਿਸ਼ਾਂ ਨੂੰ ਪੂਰਾ ਹੋਣ ਵਿੱਚ ਅਹਿਮ ਭੂਮਿਕਾ ਨਿਭਾਈ।
ਜਾਰੀ ਬਿਆਨ ਵਿੱਚ ਐਸਜੀਪੀਸੀ ਮੈਂਬਰਾਂ ਨੇ ਪੂਰਨ ਆਸ ਪ੍ਰਗਟ ਕੀਤੀ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਪੰਥ ਨੂੰ ਰਾਹ ਦੁਸੇਰਾ ਦਿਖਾਉਂਦੇ ਹੋਏ ਇਸ ਇਕਪਾਸੜ ਰਿਪੋਰਟ ਨੂੰ ਰੱਦ ਕਰਦੇ ਹੋਏ, ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਮੁੜ ਬਹਾਲ ਕਰਨ ਲਈ ਉਚਿਤ ਕਦਮ ਉਠਾਉਣਗੇ ਅਤੇ ਝੂਠੀ ਪੜਤਾਲੀਆ ਰਿਪੋਰਟ ਦੀ ਵੀ ਜਾਂਚ ਕਰਨਗੇ ਤਾਂ ਜੋ ਖ਼ਾਲਸਾ ਪੰਥ ਖਿਲਾਫ਼ ਰਚੀ ਗਈ ਸਾਜਿਸ਼ ਨੂੰ ਸੰਗਤ ਸਾਹਮਣੇ ਨੰਗਾ ਕੀਤਾ ਜਾ ਸਕੇ।